ਜਲੰਧਰ: ਕ੍ਰਿਕਟ ਮੈਚਾਂ 'ਤੇ ਸੱਟਾ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਕ੍ਰਿਕਟ ਮੈਚਾਂ 'ਤੇ ਆਨਲਾਈਨ ਸੱਟਾ ਲਗਾਉਣ ਵਿੱਚ ਸ਼ਾਮਲ ਇੱਕ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਬੀਐੱਸਐੱਫ ਕਾਲੋਨੀ ਵਿਖੇ ਘਰ ਤੋਂ 1.23 ਕਰੋੜ ਦੀ ਰਾਸ਼ੀ ਜ਼ਬਤ ਕੀਤੀ ਗਈ।
ਮੁਲਜ਼ਮ ਦੀ ਪਛਾਣ ਸੌਰਵ ਵਰਮਾ ਸਿਵਲ ਇੰਜੀਨੀਅਰ ਡਿਪਲੋਮਾ ਹੋਲਡਰ ਅਤੇ ਪੇਸ਼ੇ ਵਲੋਂ ਆਰਕੀਟੈਕਟ ਵਜੋਂ ਹੋਈ ਹੈ। ਦੋਸ਼ੀ ਵਲੋਂ ਸੱਟੇਬਾਜ਼ੀ ਵਿੱਚ ਵਰਤੇ ਜਾਂਦੇ ਲੈਪਟਾਪ ਅਤੇ ਦੋ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ। ਲੈਪਟਾਪ ਅਤੇ ਮੋਬਾਈਲ ਸਾਈਬਰ ਸੈਲ ਨੂੰ ਸੌਂਪੇ ਜਾਣਗੇ ਤਾਂ ਜੋ ਸੱਟੇਬਾਜ਼ੀ ਦੇ ਰੈਕਟ ਦੀ ਤੈਅ ਤੱਕ ਜਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਟੀਮ ਵੱਲੋਂ 25 ਜੁਲਾਈ ਨੂੰ ਵਰਕਸ਼ਾਪ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਅਪਣੇ ਘਰ ਤੋਂ ਸੱਟੇਬਾਜ਼ੀ ਦਾ ਧੰਦਾ ਚਲਾ ਰਿਹਾ ਹੈ ਅਤੇ ਵੱਡੀ ਰਕਮ ਵੀ ਉਸ ਕੋਲ ਮੌਜੂਦ ਹੈ।
ਭੁੱਲਰ ਨੇ ਦੱਸਿਆ ਕਿ ਸੀਆਈਏ ਟੀਮ ਵੱਲੋਂ ਤੁਰੰਤ ਦੋਸ਼ੀ ਦੇ ਘਰ 'ਤੇ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਇੰਗਲੈਂਡ-ਵੈਸਟ ਇੰਡੀਜ਼ ਟੈਸਟ ਮੈਚ 'ਤੇ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਇੰਵੈਸਟੀਗੇਸ਼ਨ ਹਰਪ੍ਰੀਤ ਸਿੰਘ ਬੈਨੀਪਾਲ ਨੂੰ ਮੌਕੇ 'ਤੇ ਇਸ ਰੈਕਟ ਸਬੰਧੀ ਹੋਰ ਜਾਂਚ ਕਰਨ ਲਈ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਵਲੋਂ 'ਜ਼ੈੱਡ ਅਕਾਊਂਟ' ਰਾਹੀਂ ਆਨਲਾਈਨ ਐਪਲੀਕੇਸ਼ਨ 'ਤੇ ਰੈਕਟ ਚਲਾਇਆ ਜਾ ਰਿਹਾ ਸੀ।
ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਸੱਟੇਬਾਜ਼ੀ ਦੇ ਰੈਕਟ ਵਿੱਚ ਲਿਪਤ ਸਾਰੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਈਬਰ ਸੈਲ ਨੂੰ ਲੈਪਟਾਪ ਅਤੇ ਮੋਬਾਇਲ ਫੋਨ ਦਿੱਤੇ ਜਾਣਗੇ ਤਾਂ ਜੋ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਸਕੇ ਅਤੇ ਇਸ ਤੋਂ ਇਲਾਵਾ ਜ਼ਬਤ ਰਾਸ਼ੀ ਬਾਰੇ ਆਮਦਨ ਕਰ ਵਿਭਾਗ ਨੂੰ ਵੀ ਸੂਚਨਾ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਪੁਲਿਸ ਸਟੇਸ਼ਨ-2 ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਪੁੱਛਗਿੱਛ ਲਈ ਦੋਸ਼ੀ ਨੂੰ ਰਿਮਾਂਡ 'ਤੇ ਲਿਆ ਜਾਵੇਗਾ।