ਜਲੰਧਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਨੇ ਸੂਬੇ ਵਿੱਚ ਕਰਫਿਊ ਲਗਾਇਆ ਸੀ। ਇਸ ਮਗਰੋਂ ਸਰਕਾਰ ਨੇ ਕਰਫਿਊ ਵਿੱਚ ਢਿੱਲ ਦਿੰਦੇ ਹੋਏ ਸੂਬੇ ਵਿਚਲੀਆਂ ਸਨਅਤ ਇਕਾਈਆਂ ਤੇ ਭੱਠਿਆਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਇਸ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਕਾਰਖਾਨਿਆਂ ਨੂੰ ਮੁੜ ਚਾਲੂ ਕਰਨ ਲਈ ਇਜਜ਼ਾਤ ਦੇ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਜਲੰਧਰ ਵਿੱਚ ਕਈ ਸਨਅਤੀ ਇਕਾਈਆਂ ਨੇ ਮੁੜ ਕੰਮ ਸ਼ੁਰੂ ਕਰ ਦਿੱਤਾ ਹੈ।
ਇਸ ਬਾਰੇ ਗੱਲ ਕਰਦਿਆਂ ਸਨਅਤਕਾਰ ਜਸਵਿੰਦਰ ਕੁਮਾਰ ਨੇ ਸਰਕਾਰ ਦੇ ਇਸ ਫੈਸਲੇ ਦੀ ਸਰਾਹਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਨਅਤ ਇਕਾਈਆਂ ਦੇ ਬੰਦ ਹੋਣ ਨਾਲ ਜਿੱਥੇ ਉਦਯੋਗ ਨੂੰ ਭਾਰੀ ਨਕੁਸਾਨ ਹੋ ਰਿਹਾ ਸੀ। ਉੱਥੇ ਹੀ ਮਜ਼ਦੂਰਾਂ ਲਈ ਵੀ ਇਹ ਸਮਾਂ ਮੁਸੀਬਤ ਵਾਲਾ ਹੀ ਸਾਬਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਕਾਰਖਾਨਾ ਮਾਲਕ ਇਸ ਸੰਕਟ ਦੇ ਦੌਰ ਵਿੱਚ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਹੀ ਸਹਿਯੋਗ ਜਾਰੀ ਰੱਖਿਆ ਜਾਵੇਗਾ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮਜ਼ਦੂਰਾਂ ਵਿੱਚ ਵੀ ਖ਼ੁਸ਼ੀ ਪਾਈ ਜਾ ਰਹੀ ਹੈ। ਕਾਰਖਾਨੇ ਦੇ ਮਜ਼ਦੂਰ ਸੋਮਨਾਥ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਵਧੀਆ ਹੈ। ਇਸ ਨਾਲ ਮਜ਼ਦੂਰਾਂ ਨੂੰ ਕੰਮ ਮਿਲੇਗਾ ਅਤੇ ਉਹ ਆਪਣਾ ਬਾਲ-ਬੱਚਾ ਪਾਲ ਸਕਣਗੇ।
ਤੁਹਾਨੂੰ ਦੱਸ ਦਈਏ ਕੀ ਪੰਜਾਬ ਵਿੱਚ ਕਰਫਿਊ ਲਾਗੂ ਹੋਣ ਨਾਲ ਸਾਰੀ ਉਦਯੋਗਿਕ ਇਕਾਈਆਂ ਤੇ ਭੱਠਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਮਗਰੋਂ ਪੈਦਾ ਹੋਈ ਸਥਿਤੀ ਤੋਂ ਬਾਅਦ ਕੈਪਟਨ ਸਰਕਾਰ ਨੇ ਇਨ੍ਹਾਂ ਉਦਯੋਗਿਕ ਇਕਾਈਆਂ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।