ਜਲੰਧਰ: ਕੈਨੇਡਾ ਦੇ ਟੋਰਾਂਟੋ ਓਨਟਾਰੀਓ ਸ਼ਹਿਰ ਦੇ ਹੰਬਰ ਕਾਲਜ ਤੋਂ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਜਲੰਧਰ ਦੇ ਇਕ ਟਰੈਵਲ ਏਜੰਟ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜਾਅਲੀ ਦਸਤਾਵੇਜ਼ ਅਤੇ ਸਰਟੀਫਿਕੇਟ ਬਣਾ ਕੇ 16 ਤੋਂ 20 ਲੱਖ ਰੁਪਏ ਲੈ ਕੇ ਵਿਦੇਸ਼ ਭੇਜਿਆ ਸੀ। ਪਰ ਹੁਣ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਭਾਰਤ ਵਾਪਿਸ ਆਉਣਾ ਪਵੇਗਾ। ਮੁਲਜ਼ਮ ਟਰੈਵਲ ਏਜੰਟ ਦਾ ਦਫਤਰ ਪਿਛਲੇ ਕਰੀਬ 6 ਮਹੀਨਿਆਂ ਤੋਂ ਬੰਦ ਪਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੈਵਲ ਏਜੰਟ ਧੋਖਾਫੜੀ ਕਰਕੇ ਵਿਦੇਸ਼ ਭੱਜ ਗਿਆ ਹੈ।
700 ਵਿਦਿਆਰਥੀ ਕੀਤੇ ਜਾਣਗੇ ਡਿਪੋਰਟ: ਇਸ ਮਾਮਲੇ ਵਿੱਚ ਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰਾਂ ਰਾਹੀਂ ਸੂਚਨਾ ਮਿਲੀ ਹੈ ਕਿ ਇੱਕ ਟਰੈਵਲ ਏਜੰਟ ਗ੍ਰੀਨ ਪਾਰਕ, ਜਲੰਧਰ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ। ਉਸ ਵੱਲੋਂ ਭੇਜੇ ਗਏ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭਗ 700 ਦੇ ਕਰੀਬ ਹੈ। ਡੀਸੀਪੀ ਵਤਸਲਾ ਗੁਪਤਾ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਮਾਮਲੇ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਫਿਰ ਵੀ ਉਹ ਆਪਣੇ ਪੱਖ ਤੋਂ ਜਾਂਚ ਕਰ ਰਹੇ ਹਨ।
ਬ੍ਰਿਜੇਸ਼ ਮਿਸ਼ਰਾ ਭੱਜਿਆ ਵਿਦੇਸ਼: ਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਬ੍ਰਿਜੇਸ਼ ਮਿਸ਼ਰਾ ਇੱਥੇ ਨਹੀਂ ਰਹਿੰਦੇ ਅਤੇ ਉਨ੍ਹਾਂ ਦਾ ਦਫ਼ਤਰ 6 ਮਹੀਨਿਆਂ ਤੋਂ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਫਾਇਲ ਰਿਜ਼ਟਡ ਇਮੀਗ੍ਰੇਸ਼ਨ ਤੋਂ ਹੀ ਲਗਵਾਉਣੀ ਚਾਹੀਦੀ ਹੈ। ਅਜਿਹੇ ਫਰਜੀ ਇਮੀਗ੍ਰੇਸ਼ਨ ਲੋਕਾਂ ਦੀ ਲੁੱਟ ਕਰਕੇ ਵਿਦੇਸ਼ ਭੱਜ ਜਾਂਦੇ ਹਨ। ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਜੇਕਰ ਹੋਰ ਵੀ ਕਿਸੇ ਨਾਲ ਅਜਿਹੀ ਧੋਖਾਧੜੀ ਹੁੰਦੀ ਹੈ ਤਾਂ ਉਹ ਪੁਲਿਸ ਨੂੰ ਇਸ ਦੀ ਸੂਚਨਾ ਜਰੂਰ ਦੇਣ ਤਾਂ ਜੋ ਅਜਿਹੇ ਲੋਕਾਂ ਉਤੇ ਕਾਰਵਾਈ ਕੀਤੀ ਜਾ ਸਕੇ।
CBSA ਨੇ 700 ਵਿਦਿਆਰਥੀਆਂ ਦੇ ਨਿਕਾਲੇ ਦੀ ਗੱਲ ਨਕਾਰੀ: ਕੈਨੇਡਾ ਵਿੱਚੋਂ ਕੱਢੇ ਜਾਣ ਵਾਲੇ 700 ਵਿਦਿਆਰਥੀਆਂ ਬਾਰੇ ਕੋਈ ਅਧਕਾਰਿਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਨ੍ਹਾਂ ਵਿੱਚੋ ਜਿਆਦਾਤਰ ਉਹ ਵਿਦਿਆਰਥੀ ਹਨ, ਜਿਨ੍ਹਾਂ ਨੇ ਜਲੰਧਰ ਦੇ ਟ੍ਰੈਵਲ ਏਜੰਟ ਦੀ ਅਗਵਾਈ ਵਾਲੀ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਰਾਹੀ ਅਪਲਾਈ ਕੀਤਾ ਸੀ। ਇਹ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਪੀਆਰ ਲਈ ਅਪਲਾਈ ਕੀਤਾ ਤਾਂ ਇਨ੍ਹਾਂ ਦੇ ਦਾਖਲਾ ਫਾਰਮ ਫਰਜੀ ਪਾਏ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਜਿਆਦਾਤਰ ਵਿਦਿਆਰਥੀਆਂ ਨੂੰ ਇਹ ਹੁਕਮ ਅਪ੍ਰੈਲ-ਮਈ 2022 ਵਿੱਚ ਜਾਰੀ ਕੀਤੇ ਗਏ। ਕੁਝ ਵਿਦਿਆਰਥੀਆਂ ਨੇ ਇਸ ਦੇ ਖਿਲਾਫ ਕਾਨੂੰਨੀ ਲੜਾਈ ਵੀ ਲੜੀ ਪਰ ਉਹ ਹਾਰ ਗਏ ਹੁਣ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪਵੇਗਾ। ਇਸ ਦੇ ਨਾਲ ਹੀ ਕੁਝ ਵਿਦਿਆਰਥੀ ਅਜੇ ਵੀ ਕਾਨੂੰਨੀ ਲੜਾਈ ਲੜ ਰਹੇ ਹਨ।
ਇਹ ਵੀ ਪੜ੍ਹੋ:- Child's Murder in mansa: 6 ਸਾਲਾ ਬੱਚੇ ਦੇ ਕਤਲ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਨੇ ਪੀੜਤ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ