ਜਲੰਧਰ: ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਯੂਕਰੇਨ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਉਨ੍ਹਾਂ ਮਾਪਿਆਂ ਨੂੰ ਹੈ ਜਿਨ੍ਹਾਂ ਦੇ ਬੱਚੇ ਅਜੇ ਵੀ ਯੂਕਰੇਨ ਵਿੱਚ ਫਸੇ ਹਨ।
ਦੂਸਰੇ ਪਾਸੇ ਜੋ ਬੱਚੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਉਨ੍ਹਾਂ ਦੇ ਮਾਪੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਅਜਿਹਾ ਹੀ ਇਕ ਪਰਿਵਾਰ ਹੈ ਜਲੰਧਰ ਦੇ ਰਮਣੀਕ ਐਵੇਨਿਊ ਇਲਾਕੇ ਦਾ ਹੈ। ਇਸ ਇਲਾਕੇ ਦੇ ਇਕ ਪਰਿਵਾਰ ਦੀ ਬੇਟੀ ਡਾ ਸ਼ਿਵਾਨੀ ਯੂਕਰੇਨ ਤੋਂ ਹੁਣੇ ਹੁਣੇ ਵਾਪਸ ਪਰਤੀ ਹੈ। ਸ਼ਿਵਾਨੀ ਦੇ ਘਰ ਵਾਪਸ ਪਹੁੰਚਣ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ।
ਸ਼ਿਵਾਨੀ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੋ ਰਹੇ ਹਨ। ਉਸ ਨੇ ਕਿਹਾ ਕਿ ਅਜੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ ਹਾਲਾਤ ਕਦੋਂ ਤੱਕ ਠੀਕ ਹੋ ਪਾਉਣਗੇ।
ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਟੈਕਸੀ ਕਰਕੇ ਹੰਗਰੀ ਬਾਰਡਰ ਤੇ ਪਹੁੰਚੀ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਦੀ ਮੱਦਦ ਨਾਲ ਅੱਜ ਉਹ ਠੀਕ ਠਾਕ ਆਪਣੇ ਘਰ ਪਹੁੰਚ ਚੁੱਕੀ ਹੈ।
ਸ਼ਿਵਾਨੀ ਨੇ ਕਿਹਾ ਕਿ ਯੂਕਰੇਨ ਵਿੱਚ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਕੀਵ ਅਤੇ ਖਾਰਕੀਵ ਸ਼ਹਿਰ ਦੇ ਹਨ। ਜਿੱਥੋਂ ਤੱਕ ਭਾਰਤੀ ਅੰਬੈਂਸੀ ਦੀ ਮਦਦ ਦੀ ਗੱਲ ਹੈ ਉਥੇ ਹਰ ਕਿਸੇ ਨੂੰ ਪੂਰੀ ਮਦਦ ਮਿਲ ਰਹੀ ਹੈ। ਇੱਥੇ ਤੱਕ ਕਿ ਅੰਬੈਸੀ ਵੱਲੋਂ ਇਸ ਕੰਮ ਲਈ ਹੋਰ ਜ਼ਿਆਦਾ ਬੰਦਿਆਂ ਨੂੰ ਲਗਾਇਆ ਗਿਆ ਹੈ ਤਾਂ ਹਰ ਕਿਸੇ ਨਾਲ ਫੋਨ ਤੇ ਗੱਲ ਹੋ ਸਕੇ।
ਇਹ ਗੱਲ ਅਲੱਗ ਹੈ ਕਿ ਇਕਦਮ ਬਹੁਤ ਜ਼ਿਆਦਾ ਬੋਝ ਪੈਣ ਕਰਕੇ ਥੋੜ੍ਹੀ ਹਫੜਾ ਦਫੜੀ ਜ਼ਰੂਰ ਹੋ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਪੋਲੈਂਡ ਬਾਰਡਰ ਤੇ ਭਾਰਤੀ ਵਿਦਿਆਰਥੀਆਂ ਨਾਲ ਮਾਰਕੁਟ ਹੋਈ ਸੀ ਪਰ ਇਸ ਤੋਂ ਇਲਾਵਾ ਹਰ ਬਾਰਡਰ ਉੱਤੇ ਹਾਲਾਤ ਠੀਕ ਹਨ।
ਇਹ ਵੀ ਪੜ੍ਹੋ:- ਯੂਕਰੇਨ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਘਰ 'ਚ ਛਾਇਆ ਮਾਤਮ