ਜਲੰਧਰ: ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਲੰਧਰ ਪਹੁੰਚੇ। ਜਲੰਧਰ ਪਹਿਲੀ ਵਾਰ ਪਹੁੰਚਣ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਲੰਧਰ ਦੇ ਸਰਕਟ ਹਾਊਸ ਵਿੱਚ ਗਾਰਡ ਆਫ ਆਨਰ ਦਿੱਤਾ ਗਿਆ ਜਿਸ ਤੋਂ ਬਾਅਦ ਡੀ ਸੀ ਦਫਤਰ ਵਿਖੇ ਹਰਪਾਲ ਚੀਮਾ ਵੱਲੋਂ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਸੂਬੇ ਦਾ ਬਜਟ ਆਮ ਲੋਕਾਂ ਅਤੇ ਕਾਰੋਬਾਰੀਆਂ ਤੋਂ ਪੁੱਛ ਕੇ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਇਸ ਕੜੀ ਤਹਿਤ ਉਹ ਸਾਰੇ ਪੰਜਾਬ ਵਿੱਚ ਜਾ ਰਹੇ ਹਨ ਅਤੇ ਅੱਜ ਜਲੰਧਰ ਪਹੁੰਚੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਪਾਰੀਆਂ ਨੇ ਜੋ ਸੁਝਾਅ ਉਨ੍ਹਾਂ ਦੇ ਅੱਗੇ ਰੱਖੇ ਹਨ ਉਨ੍ਹਾਂ ’ਤੇ ਗੌਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਲਦ ਹੀ ਦੂਰ ਕੀਤੀਆਂ ਜਾਣਗੀਆਂ। ਸਿੱਧੀ ਬਿਜਾਈ ਨੂੰ ਲੈ ਕੇ ਹਰਪਾਲ ਚੀਮਾ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਖਿਆ ਕੀ ਇਸ ਵਾਰ ਪਾਣੀਆਂ ਦੀ ਰਾਖੀ ਲਈ ਇਤਿਹਾਸਕ ਫੈਸਲਾ ਕੀਤਾ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੜਾਅ ਵਾਰ ਝੋਨੇ ਲਾਉਣ ਲਈ ਕਿਸਾਨਾਂ ਨੂੰ ਕਿਹਾ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਦੇ ਵਿੱਚ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਗਏ ਮੈਮੋਰੰਡਮ ਵੀ ਸਰਕਾਰ ਤੱਕ ਪਹੁੰਚ ਰਹੇ ਹਨ। ਵਿਰੋਧੀ ਦਲਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨਾਂ ਨੂੰ ਲੈ ਕੇ ਹਰਪਾਲ ਚੀਮਾ ਨੇ ਕਿਹਾ ਕਿ ਵਿਰੋਧੀ ਦਲ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮੁਲਾਕਾਤ