ਜਲੰਧਰ: ਕੇਂਦਰ ਸਰਕਾਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਦੇ ਇਸ ਬਜਟ ਉੱਤੇ ਮਹਿਲਾਵਾਂ ਨੂੰ ਖ਼ਾਸ ਉਮੀਦਾਂ ਹਨ। ਜਲੰਧਰ ਵਿਖੇ ਇਸ ਬਜਟ ਤੋਂ ਉਮੀਦਾਂ ਨੂੰ ਲੈ ਕੇ ਜਦ ਮਹਿਲਾਵਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਆਮ ਲੋਕਾਂ ਨੂੰ ਕੁਝ ਖ਼ਾਸ ਫਾਇਦਾ ਨਹੀਂ ਹੋਇਆ। ਪਰ ਹੁਣ ਪੰਜਾਬ ਸਰਕਾਰ ਤੋਂ ਇਹ ਉਮੀਦਾਂ ਹਨ ਕਿ ਪੰਜਾਬ ਸਰਕਾਰ ਆਪਣੇ ਬਜਟ ਵਿੱਚ ਗ਼ਰੀਬ ਅਤੇ ਆਮ ਲੋਕਾਂ ਵਾਸਤੇ ਕੁਝ ਖ਼ਾਸ ਲੈ ਕੇ ਆਵੇ ਜਿਸ ਨਾਲ ਬਜਟ ਦਾ ਸਿੱਧਾ ਅਸਰ ਗ਼ਰੀਬ ਲੋਕਾਂ ਨੂੰ ਫ਼ਾਇਦੇ ਹੋਵੇ।
ਬਜਟ ਬਾਰੇ ਗੱਲਬਾਤ ਕਰਦੇ ਮਹਿਲਾਵਾਂ ਦਾ ਕਹਿਣਾ ਹੈ ਕਿ ਸਰਕਾਰਾਂ ਹਮੇਸ਼ਾ ਲੋਕਾਂ ਦੀਆਂ ਅਤੇ ਲੋਕਾਂ ਲਈ ਹੁੰਦੀਆਂ ਹਨ। ਇਸ ਲਈ ਸਰਕਾਰਾਂ ਨੂੰ ਆਮ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਇਸ ਬਜਟ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਰਸੋਈ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਅਤੇ ਮੇਕਅੱਪ ਤੱਕ ਹਰ ਚੀਜ਼ ਉਪਰ ਟੈਕਸ ਨੂੰ ਘਟਾਇਆ ਜਾਵੇ।
ਉਨ੍ਹਾਂ ਮੁਤਾਬਕ ਪੰਜਾਬ ਵਿੱਚ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ ਉੱਤੇ ਟੈਕਸ ਘਟਾਉਣਾ ਚਾਹੀਦਾ ਹੈ ਤਾਂ ਕੀ ਹਰ ਸਫ਼ਰ ਕਰਨ ਵਾਲਾ ਇਨਸਾਨ ਚਾਹੇ ਉਹ ਨੌਕਰੀ ਉੱਤੇ ਜਾਣ ਵਾਲਾ ਹੋਵੇ ਜਾਂ ਸਕੂਲ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸਭ ਨੂੰ ਆਉਣ ਜਾਣ ਵਾਲਾ ਸਾਧਨ ਸਸਤੇ ਵਿੱਚ ਮਿਲੇ। ਜੇ ਪੈਟਰੋਲ ਡੀਜ਼ਲ ਮਹਿੰਗਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਆਵਾਜਾਈ ਉੱਤੇ ਪੈਂਦਾ ਹੈ।
ਮਹਿਲਾਵਾਂ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਉੱਤੇ ਟੈਕਸ ਬਿਲਕੁਲ ਖ਼ਤਮ ਕਰ ਦਿੱਤਾ ਜਾਵੇ ਜਾਂ ਫਿਰ ਥੋੜ੍ਹਾ ਲਗਾਇਆ ਜਾਵੇ ਤਾਂ ਕਿ ਆਮ ਲੋਕਾਂ ਦੀ ਜੇਬ ਵਿੱਚ ਕੁਝ ਪੈਸੇ ਬਚ ਸਕਣ।