ਜਲੰਧਰ: ਜਲੰਧਰ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਹੀ ਇੱਕ ਅਜਿਹਾ ਹਲਕਾ ਹੈ ਜਿਸ ਵਿੱਚ ਨਾ ਸਿਰਫ਼ ਇਲਾਕੇ ਦੇ 57 ਪਿੰਡ ਆਉਂਦੇ ਹਨ, ਬਲਕਿ ਨਾਲ-ਨਾਲ ਜਲੰਧਰ ਕੰਟੋਨਮੈਂਟ ਏਰੀਆ ਅਤੇ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਵੀ ਇਸ ਹਲਕੇ ਵਿੱਚ ਆਉਂਦਾ ਹੈ। ਇਸ ਹਲਕੇ ਵਿੱਚ ਜਲੰਧਰ ਕੰਟੋਨਮੈਂਟ ਏਰੀਆ ਦੇ 7 ਵਾਰਡ ਵੀ ਸ਼ਾਮਲ ਹਨ, ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ ਉਪਰ ਅਤੇ ਇਸ ਵਾਰ ਹੋਣ ਵਾਲੀਆਂ ਚੋਣਾਂ ਵਿੱਚ ਇੱਥੇ ਦੀ ਸਿਆਸਤ 'ਤੇ ਪੇਸ਼ ਹੈ, ਸਾਡਾ ਖ਼ਾਸ ਪ੍ਰੋਗਰਾਮ ਚੋਣ ਚਰਚਾ......
ਜਲੰਧਰ ਛਾਉਣੀ ਹਲਕੇ ਦੀ ਰਾਜਨੀਤੀ
ਜਲੰਧਰ ਛਾਉਣੀ ਹਲਕੇ ਵਿੱਚ ਪਿਛਲੇ 10 ਸਾਲਾਂ ਤੋਂ ਪਰਗਟ ਸਿੰਘ ਇਸ ਇਲਾਕੇ ਦੇ ਬਤੌਰ ਵਿਧਾਇਕ ਲੋਕਾਂ ਵਿੱਚ ਆਪਣੇ ਕੰਮ ਕਰ ਰਹੇ ਹਨ, ਪਰਗਟ ਸਿੰਘ 2012 ਵਿੱਚ ਇਸ ਇਲਾਕੇ ਤੋਂ ਅਕਾਲੀ ਦਲ ਵੱਲੋਂ ਉਮੀਦਵਾਰ ਚੁਣੇ ਗਏ ਸੀ ਅਤੇ ਉਨ੍ਹਾਂ ਨੇ ਇੱਥੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਪਰਗਟ ਸਿੰਘ ਵੱਲੋਂ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਅਤੇ 2017 ਵਿੱਚ ਇਸੇ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਚੋਣਾਂ ਲੜਦੇ ਹੋਏ, ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੂੰ ਹਰਾਇਆ, ਫਿਲਹਾਲ ਪਰਗਟ ਸਿੰਘ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਖੇਡ ਅਤੇ ਸਿੱਖਿਆ ਮੰਤਰੀ ਹਨ।
ਇਸ ਵਾਰ ਦੇ ਰਾਜਨੀਤਕ ਹਾਲਾਤ
ਜਲੰਧਰ ਛਾਉਣੀ ਹਲਕੇ ਵਿੱਚ ਇਸ ਵਾਰ ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਅਕਾਲੀ ਦਲ ਨੇ ਇਹ ਸੀਟ ਆਪਣੇ ਪੁਰਾਣੇ ਵਿਧਾਇਕ ਜਗਬੀਰ ਸਿੰਘ ਬਰਾੜ ਜੋ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲੇ ਗਏ ਸੀ ਨੂੰ ਵਾਪਸ ਅਕਾਲੀ ਦਲ ਜੁਆਇਨ ਕਰਵਾਕੇ ਦਿੱਤੀ ਹੈ। ਉਧਰ ਇਸ ਸੀਟ ਉਪਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲੀ ਦਲ ਵੱਲੋਂ ਮਿਹਨਤ ਕਰ ਰਹੇ ਸਰਬਜੀਤ ਮੱਕੜ ਨਿਰਾਸ਼ ਹੋ ਕੇ ਅਕਾਲੀ ਦਲ ਛੱਡ ਚੁੱਕੀਆਂ ਹਨ ਅਤੇ ਇਹ ਐਲਾਨ ਕਰ ਚੁੱਕੇ ਹਨ ਕਿ ਇਹ ਇਸ ਇਲਾਕੇ ਤੋਂ ਚੋਣਾਂ ਲੜਨਗੇ।
ਫਿਲਹਾਲ ਸਰਬਜੀਤ ਸਿੰਘ ਮੱਕੜ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ ਹੈ, ਪਰ ਹਾਲੇ ਇਹ ਸਾਫ਼ ਨਹੀਂ ਹੈ ਕਿ ਭਾਜਪਾ ਉਨ੍ਹਾਂ ਨੂੰ ਜਲੰਧਰ ਛਾਉਣੀ ਤੋਂ ਸੀਟ ਦਿੰਦੀ ਹੈ ਕਿ ਨਹੀਂ। ਇਸ ਦੇ ਨਾਲ ਹੀ ਜਲੰਧਰ ਛਾਉਣੀ ਦੀ ਸੀਟ ਉੱਪਰ ਆਮ ਆਦਮੀ ਪਾਰਟੀ ਵੱਲੋਂ ਹਾਕੀ ਓਲੰਪੀਅਨ ਰਹਿ ਚੁੱਕੇ ਅਤੇ ਸਾਬਕਾ ਆਈ.ਪੀ.ਐਸ ਸੁਰਿੰਦਰ ਸਿੰਘ ਸੋਢੀ ਨੂੰ ਸੀਟ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਅਜੇ ਸੀਟ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਜਾਣਾ ਹੈ। ਜ਼ਾਹਿਰ ਹੈ ਇਸ ਸੀਟ ਨੂੰ ਦੇਖਦੇ ਹੋਏ, ਜਿਸ ਵਿੱਚ ਸ਼ਹਿਰ ਦਾ ਮਾਡਲ ਟਾਊਨ ਇਲਾਕਾ ਅਤੇ ਪੇਂਡੂ ਇਲਾਕੇ ਵੀ ਮੌਜੂਦ ਹਨ, ਹਰ ਪਾਰਟੀ ਦੀ ਚੰਗੀ ਪਕੜ ਹੋਵੇਗੀ। ਪਰ ਇੱਥੇ ਦਾ ਮੁਕਾਬਲਾ ਪਰਗਟ ਸਿੰਘ ਅਤੇ ਜਗਬੀਰ ਬਰਾੜ ਵਿੱਚ ਮੰਨਿਆ ਜਾ ਰਿਹਾ ਹੈ।
ਲੋਕ ਕਾਂਗਰਸ ਵਿੱਚ ਹੁੰਦੇ ਹੋਏ, ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਨੂੰ ਪਾਉਣਗੇ ਵੋਟਾਂ !
ਜਲੰਧਰ ਛਾਉਣੀ ਵਿਧਾਨ ਸਭਾ ਹਲਕਾ ਜਿਸ ਦਾ ਅੱਧ ਤੋਂ ਜ਼ਿਆਦਾ ਇਲਾਕਾ ਕਿਸੇ ਸਮੇਂ ਜਲੰਧਰ ਸੈਂਟਰਲ ਹਲਕੇ ਨਾਲ ਮਿਲਿਆ ਹੋਇਆ ਸੀ ਅਤੇ ਉਸ ਵੇਲੇ ਅਕਾਲੀ ਵਿਧਾਇਕ ਜਗਬੀਰ ਬਰਾੜ ਨੇ ਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੇ ਜਲੰਧਰ ਸੈਂਟਰਲ ਦੀ ਸੀਟ ਨੂੰ ਜਿੱਤ ਕੇ ਅਕਾਲੀ ਦਲ ਦੀ ਝੋਲੀ ਵਿੱਚ ਪਾਈ ਸੀ। ਜਿਸ ਤੋਂ ਬਾਅਦ ਜਗਬੀਰ ਬਰਾੜ ਕਾਂਗਰਸ ਵਿੱਚ ਚਲੇ ਗਏ ਅਤੇ ਜਲੰਧਰ ਦੇ ਨਕੋਦਰ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜੇ।
ਇਸ ਦੌਰਾਨ ਖਾਸ ਗੱਲ ਇਹ ਰਹੀ ਕਿ ਜਲੰਧਰ ਛਾਉਣੀ ਹਲਕੇ ਦੇ ਬਹੁਤ ਸਾਰੇ ਲੋਕ ਜੋ ਜਗਬੀਰ ਬਰਾੜ ਨਾਲ ਦਿਲੋਂ ਜੁੜੇ ਹੋਏ ਸੀ, 20 ਵਰਕਰ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪਰ ਅੱਜ ਜਦੋਂ ਜਗਬੀਰ ਬਰਾੜ ਖ਼ੁਦ ਅਕਾਲੀ ਦਲ ਵਿੱਚ ਆ ਕੇ ਜਲੰਧਰ ਛਾਉਣੀ ਹਲਕੇ ਤੋਂ ਚੋਣਾਂ ਲੜ ਰਹੇ ਹਨ। ਅਜਿਹੇ ਮਾਹੌਲ ਵਿੱਚ ਉਹ ਲੋਕ ਜੋ ਕਿਸੇ ਵੇਲੇ ਜਗਬੀਰ ਬਰਾੜ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸੀ, ਅੱਜ ਵੀ ਹੈਵੀ ਦੇ ਕਾਂਗਰਸੀ ਹਨ। ਪਰ ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਉਨ੍ਹਾਂ ਦੀ ਵੋਟ ਅਕਾਲੀ ਦਲ ਦੇ ਉਮੀਦਵਾਰ ਜਗਬੀਰ ਬਰਾੜ ਨੂੰ ਪਵੇਗੀ। ਇਨ੍ਹਾਂ ਲੋਕਾਂ ਮੁਤਾਬਕ ਇਲਾਕੇ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਇਲਾਕੇ ਵਿੱਚ ਏਨੇ ਜ਼ਿਆਦਾ ਕੰਮ ਨਹੀਂ ਕਰਵਾਏ ਗਏ, ਜਿਵੇਂ ਕਰਵਾਏ ਜਾਣੇ ਚਾਹੀਦੇ ਸੀ।
ਇਸ ਹਲਕੇ ਤੋਂ ਚੋਣਾਂ ਲੜਨ ਨੂੰ ਲੈ ਕੇ ਕਿਸਾਨ ਵੀ ਪੱਬਾਂ ਭਾਰ
ਪੰਜਾਬ ਦੀਆਂ ਚੋਣਾਂ ਵਿੱਚ ਸਭ ਤੋਂ ਖ਼ਾਸ ਗੱਲ ਇਸ ਵਾਰ ਇਹ ਰਹਿਣ ਵਾਲੀ ਹੈ ਕਿ ਇਸ ਵਾਰ ਦੀਆ ਚੋਣਾਂ ਵਿੱਚ ਪੰਜਾਬ ਦੇ ਕਿਸਾਨ ਵੀ ਬਤੌਰ ਆਪਣੀ ਪਾਰਟੀ ਦੇ ਉਮੀਦਵਾਰ ਚੋਣਾਂ ਲੜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਪਾਰਟੀ ਨੂੰ ਅਜ਼ਮਾ ਕੇ ਦੇਖ ਲਿਆ ਹੈ, ਪਰ ਕੋਈ ਪਾਰਟੀ ਲੋਕਾਂ ਦੇ ਹਿੱਤ ਵਿੱਚ ਕੰਮ ਕਰਕੇ ਰਾਜ਼ੀ ਨਹੀਂ ਹੈ।
ਉਨ੍ਹਾਂ ਮੁਤਾਬਕ ਇਸ ਬਾਰ ਸੱਤਾ ਕਿਸਾਨਾਂ ਦੇ ਹੱਕ ਵਿੱਚ ਹੋਵੇਗੀ, ਉੱਘੇ ਕਿਸਾਨ ਇਸ ਨੂੰ ਬਹੁਤ ਚੰਗੀ ਤਰ੍ਹਾਂ ਚਲਾਉਣਾ ਵੀ ਜਾਣਦੇ ਹਨ। ਜਲੰਧਰ ਛਾਉਣੀ ਇਲਾਕੇ ਦੇ ਕਿਸਾਨਾਂ ਨੂੰ ਹੁਣ ਆਪਣੇ ਉਮੀਦਵਾਰ ਦੀ ਉਡੀਕ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਲੰਧਰ ਛਾਉਣੀ ਦੇ ਵਿਕਾਸ ਦੀ ਗੱਲ ਕਰੀਏ ਦਾ ਇਸ ਇਲਾਕੇ ਤੋਂ ਬਾਹਰ ਜਾਣ ਵਾਲੀ ਹਰ ਸੜਕ ਐਨੀ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਕਿ ਕਈ ਕਈ ਕਿਲੋਮੀਟਰ ਦੂਰੋਂ ਘੁੰਮ ਕੇ ਦੂਸਰੇ ਸ਼ਹਿਰ ਵੱਲ ਜਾਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਵਿਕਾਸ ਦੇ ਨਾਮ 'ਤੇ ਇੱਥੇ ਕੋਈ ਕੰਮ ਨਹੀਂ ਹੋਇਆ।
ਇਹ ਵੀ ਪੜੋ:- ਜਲੰਧਰ ਦੇ ਸ਼ਾਹਕੋਟ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ