ਜਲੰਧਰ: ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਜਲੰਧਰ ਦੇ ਪੀਏਪੀ ਚੌਂਕ 'ਤੇ ਇੱਕ ਪੁਲ ਬਣਾਇਆ ਗਿਆ ਸੀ, ਜਿਸ ਦੇ ਸਹੀ ਤਰੀਕੇ ਨਾਲ ਨਾ ਬਣੇ ਹੋਣ ਕਾਰਨ ਉਸ ਨੂੰ 10 ਦਿਨਾਂ ਲਈ ਬੰਦ ਕਰਨ ਦੀ ਗੱਲ ਆਖੀ ਗਈ ਸੀ, ਪਰ ਉਸ ਨੂੰ ਬੰਦ ਕੀਤੇ 2 ਮਹੀਨੇ ਹੋ ਗਏ ਹਨ। ਇਸ ਦੇ ਵਿਰੋਧ 'ਚ ਕਾਂਗਰਸੀ ਵਿਧਾਇਕ ਰਾਜਿਦੰਰ ਬੇਰੀ ਨੇ ਸਾਥੀਆਂ ਸਮੇਤ ਪੀਏਪੀ ਚੌਕ 'ਤੇ ਧਰਨਾ ਲੱਗਾ ਕੇ ਇਸ ਦਾ ਵਿਰੋਧ ਕੀਤਾ। ਇਸ ਧਰਨੇ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਏਡੀਸੀ ਨੂੰ ਮੰਗ ਪੱਤਰ ਵੀ ਦਿੱਤਾ।
ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਦੱਸਿਆ ਕਿ ਇਸ ਪੁਲ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਟਰਾਇਲ ਲਈ ਆਮ ਜਨਤਾ ਨੂੰ ਸਮਰਪਿਤ ਕੀਤਾ ਸੀ। ਪੁਲ ਸਹੀ ਤਰੀਕੇ ਨਾਲ ਨਾ ਬਣੇ ਹੋਣ ਕਰਕੇ ਉਸ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਉਸ ਨੂੰ ਬੰਦ ਕੀਤੇ 2 ਮਹੀਨੇ ਹੋ ਗਏ ਹਨ। ਪੁਲ ਦੇ ਬੰਦ ਹੋਣ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਰਾਮਾ ਮੰਡੀ ਵੱਲੋਂ ਸ਼ਹਿਰ 'ਚ ਜਾਣ ਲਈ 4 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈ ਰਿਹਾ ਹੈ।
ਰਾਜਿੰਦਰ ਸਿੰਘ ਨੇ ਕਿਹਾ ਕਿ ਪੁਲ ਲੋਕਾਂ ਦੀ ਸੁਵਿਧਾ ਲਈ ਬਣਾਏ ਜਾਂਦੇ ਹਨ ਪਰ ਇਸ ਪੁਲ ਨਾਲ ਆਮ ਜਨਤਾ ਨੂੰ ਮੁਸ਼ਕਿਲਾਂ ਨਾਲ ਗੁਜ਼ਰਨਾ ਪੈ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਹੀ ਉਨ੍ਹਾਂ ਦੀ ਗ੍ਰੀਵਸ ਕਮੇਟੀ ਦੇ ਨਾਲ ਮੀਟਿੰਗ ਕੀਤੀ ਸੀ ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਇਸ ਦਾ ਨਵਾਂ ਪਲੈਨ ਦਿੱਲੀ 'ਚ ਭੇਜਿਆ ਗਿਆ ਹੈ ਜਲਦ ਹੀ ਉਸ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਧਰਨੇ ਨੂੰ ਦੇਣ ਲਈ ਪਹਿਲਾਂ ਤੋਂ ਹੀ ਲੋਕਾਂ ਨਾਲ ਰਾਬਤਾ ਕੀਤਾ ਗਿਆ ਸੀ ਤੇ ਉਸ ਮੁਤਾਬਕ ਇਹ ਧਰਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 6 ਮਾਰਚ ਨੂੰ ਜੇਲ੍ਹ ਭਰੋ ਅੰਦੋਲਨ ਦਾ ਆਯੋਜਨ
ਏਡੀਸੀ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਵੀ ਹਾਈਵੇ ਅਥਾਰਟੀ ਅੱਗੇ ਗੱਲ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਲੋਕਾਂ ਨੂੰ ਆਉਣ ਵਾਲੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹਲ ਕੱਢਣ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਰਾਜਿੰਦਰ ਬੇਰੀ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਹੈ ਜਿਸ 'ਤੇ ਉਹ ਜਲਦ ਹੀ ਕਾਰਵਾਈ ਕਰਨਗੇ।