ਜਲੰਧਰ : ਪੰਜਾਬ ਕਾਂਗਰਸ ਨੇ ਸੂਬੇ ਦੀਆਂ ਜ਼ਿਮਨੀ ਚੋਣਾਂ ਲਈ ਵੱਡਾ ਐਲਾਨ ਕੀਤਾ ਹੈ। ਕਾਂਗਰਸ ਨੇ ਦਿਵੰਗਤ ਕਾਂਗਰਸੀ ਸੀਨੀਅਰ ਆਗੂ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਕੌਰ ਜਲੰਧਰ ਸੀਟ ਤੋਂ ਚੋਣ ਲੜਨਗੇ। ਇਹ ਵੀ ਯਾਦ ਰਹੇ ਕਿ ਕਾਂਗਰਸ ਦੀ ਦੇਸ਼ ਪੱਧਰੀ ਭਾਰਤ ਜੋੜੋ ਯਾਤਰਾ ਦਰਮਿਆਨ ਜਲੰਧਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਤੋਂ ਬਾਅਦ ਇਹ ਅੰਦਾਜੇ ਲੱਗ ਰਹੇ ਸਨ ਕਿ ਉਨ੍ਹਾਂ ਦੀ ਪਤਨੀ ਨੂੰ ਹੀ ਕਾਂਗਰਸ ਆਪਣਾ ਉਮੀਦਵਾਰ ਬਣਾਏਗੀ। ਕਰਮਜੀਤ ਕੌਰ ਦੇ ਐਲਾਨ ਤੋਂ ਬਾਅਦ ਇਨ੍ਹਾਂ ਅੰਦਾਜਿਆਂ ਨੂੰ ਵੀ ਠੱਲ੍ਹ ਪੈ ਗਈ ਹੈ।
ਭਾਰਤ ਜੋੜੋ ਯਾਤਰਾ ਦੌਰਾਨ ਹੋਈ ਸੀ ਮੌਤ : ਇਹ ਵੀ ਜਿਕਰਯੋਗ ਹੈ ਕਿ ਦਿਵੰਗਤ ਸੰਤੋਖ ਚੌਧਰੀ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚੋਂ ਗਿਣੇ ਜਾਂਦੇ ਰਹੇ ਹਨ। ਉਨ੍ਹਾਂ ਦੀ ਭਾਰਤ ਜੋੋੜੋ ਯਾਤਰਾ ਦੌਰਾਨ ਹੋਈ ਮੌਤ ਨੇ ਕਾਂਗਰਸ ਪਾਰਟੀ ਦੀ ਇਸ ਯਾਤਰਾ ਨੂੰ ਵੱਡਾ ਘਾਟਾ ਪਾਇਆ ਸੀ। ਇਸ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ ਅਤੇ ਬਕਾਇਦਾ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪ ਚੌਧਰੀ ਦੇ ਘਰੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਸੀ ਕਿ ਪਰਿਵਾਰ ਦਾ ਪਾਰਟੀ ਵਿੱਚ ਸਨਮਾਨ ਵੀ ਬਰਕਰਾਰ ਰੱਖਿਆ ਜਾਵੇਗਾ।
ਕੌਣ ਸਨ ਸੰਤੋਖ ਚੌਧਰੀ : ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਧਾਲੀਵਾਲ ਵਿਖੇ 18 ਜੂਨ 1946 ਨੂੰ ਹੋਇਆ ਸੀ। ਸੰਤੋਖ ਚੌਧਰੀ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਦੀ ਹੀ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ ਸੰਤੋਖ ਚੌਧਰੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਪਾਰਟੀ ਦੀ ਝੋਲੀ ਜਿੱਤ ਪਾਈ ਸੀ। 2019 'ਚ ਵੀ ਸੰਤੋਖ ਚੌਧਰੀ ਜਿੱਤੇ ਸਨ ਅਤੇ 76 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਵਿੱਚ ਮੌਤ ਹੋ ਘਈ ਸੀ।
ਇਹ ਵੀ ਪੜ੍ਹੋ : CM Mann's action: TET ਦੇ ਵਿਵਾਦ ਮਗਰੋਂ ਐਕਸ਼ਨ ਮੋਡ 'ਚ ਸੀਐੱਮ ਮਾਨ, ਕਿਹਾ-ਗ੍ਰਿਫ਼ਤਾਰੀ ਲਈ ਦਿੱਤੇ ਨਿਰਦੇਸ਼
ਇਹ ਵੀ ਯਾਦ ਰਹੇ ਕਿ ਸੰਤੋਖ ਸਿੰਘ ਚੌਧਰੀ ਦਾ ਪਰਿਵਾਰ ਵੀ ਸਿਆਸਤ ਨਾਲ ਜੁੜਿਆ ਹੋਇਆ ਹੈ। ਚੌਧਰੀ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ 1938 ਵਿੱਚ ਅਖੰਡ ਭਾਰਤ 'ਚ ਵਿਧਾਇਕ ਵਜੋਂ ਚੋਣ ਜਿੱਤੇ ਸਨ। ਉਨ੍ਹਾਂ ਦੇ ਦਾਦਾ ਗੋਪਾਲ ਸਿੰਘ ਕਿਸਾਨੀ ਕਰਦੇ ਸਨ। ਸੰਤੋਖ ਸਿੰਘ ਨੇ ਆਪਣੇ ਪਿਤਾ ਤੋਂ ਸੇਧ ਲੈ ਕੇ ਹੀ ਸਿਆਸਤ ਵਿੱਚ ਪੈਰ ਧਰਿਆ ਸੀ। ਇਸ ਤੋਂ ਬਾਅਦ ਉਨ੍ਹਾਂ ਸਿਆਸਤ ਵਿੱਚ ਲੰਬੀ ਪਾਰੀ ਖੇਡੀ ਸੀ।