ਜਲੰਧਰ: ਰਾਏਪੁਰ ਪਿੰਡ ਦੇ ਛੱਪੜ ਵਿੱਚੋਂ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ ਦੇ ਸਬੰਧ ਵਿੱਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਦੋਵਾਂ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਵੀ ਆ ਗਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਕਾਰਵਾਈ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਰਾਏਪੁਰ ਦੇ ਛੱਪੜ ਵਿੱਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਨ੍ਹਾਂ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਸੀ। ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਸਨ ਅਤੇ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਸੀ। ਮਾਮਲੇ ਵਿੱਚ ਹੁਣ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ, ਉਧਰ ਬੱਚਿਆਂ ਦੇ ਪਿਤਾ ਵੱਲੋਂ ਕਤਲ ਕੀਤੇ ਜਾਣ ਬਾਰੇ ਸਾਹਮਣੇ ਆ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੇ ਮਾਮਾ ਦਸ਼ਰਥ ਨੇ ਦੱਸਿਆ ਕਿ ਉਸ ਦੀ ਭੈਣ ਅਤੇ ਜੀਜੇ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਜੀਜਾ ਬੱਚਿਆਂ ਨੂੰ ਨਾਲ ਲੈ ਗਿਆ। ਅਗਲੇ ਦਿਨ ਫੋਨ 'ਤੇ ਉਸ ਦੇ ਜੀਜੇ ਨੇ ਕਿਹਾ ਕਿ ਉਸ ਨੇ ਬੱਚਿਆਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੂੰ ਲੱਗਿਆ ਕਿ ਇਹ ਮਜ਼ਾਕ ਹੈ।
ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਰਣਜੀਤ ਸਿੰਘ ਨੂੰ ਲੱਭਿਆ। ਇਹ ਦੋ ਦਿਨ ਸ਼ਾਮਾ ਥਾਣੇ ਵੀ ਰਿਹਾ। ਉਪਰੰਤ ਮੁਲਜ਼ਮ ਨੇ ਕਿਹਾ ਕਿ ਉਹ ਬੱਚੇ ਆਪਣੀ ਮਾਂ ਕੋਲੋਂ ਲਿਆ ਕੇ ਦਿੰਦਾ ਹੈ ਉਸ ਨੂੰ ਪਹਿਲਾਂ ਛੁਡਾਇਆ ਜਾਵੇ। ਜਦੋਂ ਉਸਦੀ ਭੈਣ ਨੇ ਉਸ ਨੂੰ ਛੁਡਾਇਆ ਤਾਂ ਉਹ ਵੀ ਭੱਜ ਗਿਆ। ਇਸ ਪਿੱਛੋਂ ਦੋਵਾਂ ਬੱਚਿਆਂ ਦੀ ਛੱਪੜ ਵਿੱਚ ਲਾਸ਼ਾਂ ਮਿਲੀਆਂ।
ਉਧਰ, ਜਾਂਚ ਅਧਿਕਾਰੀ ਏਐਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਦੋ ਬੱਚਿਆਂ ਵਿੱਚੋਂ ਇੱਕ 5 ਸਾਲ ਦੀ ਬੱਚੀ ਅਤੇ 3 ਸਾਲ ਦਾ ਬੱਚਾ ਹੈ। ਉਨ੍ਹਾਂ ਦੀ ਪੋਸਟ ਮਾਰਟਮ ਦੀ ਰਿਪੋਰਟ ਆ ਗਈ ਹੈ ਅਤੇ ਇਨ੍ਹਾਂ ਦੀ ਲਾਪਤਾ ਹੋਣ ਦੀ ਦਰਖਾਸਤ ਥਾਣਾ ਨੰਗਲ ਸ਼ਾਮਾ ਵਿਖੇ ਦਿੱਤੀ ਹੋਈ ਸੀ ਪਰ ਇਨ੍ਹਾਂ ਨੂੰ ਥਾਣਾ ਰਾਮਾਂ ਮੰਡੀ ਪੈਂਦਾ ਹੈ, ਜਿਸ ਕਾਰਨ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਥਿਤ ਦੋਸ਼ੀ ਪਿਤਾ ਦੀ ਭਾਲ ਅਰੰਭ ਦਿੱਤੀ ਹੈ।