ਜਲੰਧਰ : ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਇੱਕ ਵਾਰ ਮੁੜ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਲੋਕ ਸਭਾ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਹੁਰਾਂ ਨੇ ਆਪਣੇ ਚੋਣ ਪ੍ਰਚਾਰ ਲਈ ਜੋ ਐੱਲ.ਡੀ.ਈ. ਵੈਨਾਂ ਵਰਤੀਆਂ ਸਨ। ਉਨ੍ਹਾਂ ਦੇ ਕਿਰਾਏ ਦਾ ਹਾਲੇ ਤੱਕ ਬਕਾਇਆ ਨਹੀ ਦਿੱਤਾ ਗਿਆ। ਇਹ ਇਲਜ਼ਾਮ ਉਨ੍ਹਾਂ 'ਤੇ ਬਿਮਲ ਰਾਏ ਨਾਂਅ ਦੇ ਵਿਅਕਤੀ ਨੇ ਲਾਏ ਹਨ, ਜਿਸ ਨੇ ਇਹ ਵੈਨਾਂ ਚੌਧਰੀ ਹੁਰਾਂ ਦੇ ਚੋਣ ਪ੍ਰਚਾਰ ਲਈ ਕਿਰਾਏ ਲਈ ਦਿੱਤੀਆਂ ਸਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਬਿਮਲ ਰਾਏ ਨੇ ਕਿਹਾ ਕਿ ਉਸ ਨੇ ਸੰਤੋਖ ਸਿੰਘ ਚੌਧਰੀ ਦੇ ਚੋਣ ਪ੍ਰਚਾਰ ਲਈ ਉਸ ਨੇ 9 ਵੈਨਾਂ ਚਲਾਈਆਂ ਸਨ। ਜੋ ਕਿ ਜਲੰਧਰ ਲੋਕ ਸਭਾ ਹਲਕੇ ਵਿੱਚ ਆਉਂਦੇ 9 ਵਿਧਾਨ ਸਭਾ ਹਲਕਿਆਂ ਅੰਦਰ ਚੋਣ ਪ੍ਰਚਾਰ ਕਰਦੀਆਂ ਰਹੀਆਂ। ਇਨ੍ਹਾਂ ਦਾ ਕੁੱਲ ਕਰਾਇਆ 7 ਲੱਖ ਬੰਨਵੇਂ ਹਜ਼ਾਰ ਸੀ। ਇਸ ਵਿੱਚੋਂ ਚੌਧਰੀ ਹੁਰਾਂ 3 ਲੱਖ ਦੇ ਕਰੀਬ ਪੈਸ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਬਿਮਲ ਰਾਏ ਨੇ ਕਿਹਾ ਕਿ ਬਾਕੀ ਦੀ ਬਕਾਇਆ ਰਕਮ ਨਾ ਮਿਲਣ ਕਾਰਨ ਉਸ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਵੱਲ ਉਸ ਦੀਆਂ ਦੇਣਦਾਰੀਆਂ ਹਨ, ਉਹ ਵਿਅਕਤੀ ੳੇੁਸ 'ਤੇ ਦਬਾਅ ਬਣਾ ਰਹੇ ਹਨ। ਉਸ ਨੇ ਕਿਹਾ ਕਿ ਜੇਕਰ ਸੰਤੋਖ ਚੌਧਰੀ ਵੱਲੋਂ ਉਸ ਦੀ ਬਕਾਇਆ ਰਕਮ ਨਾ ਦਿੱਤੀ ਗਈ ਤਾਂ ਉਹ ਇਸ ਦੀ ਸ਼ਕਾਇਤ ਚੋਣ ਕਮਿਸ਼ਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੇਗਾ।
ਹੁਣ ਦੇਖਣਾ ਇਹ ਹੋਵੇਗਾ ਕਿ ਸੰਤੋਖ ਸਿੰਘ ਚੌਧਰੀ ਇਸ ਬਾਰੇ ਕੀ ਸੱਚਾਈ ਪੇਸ਼ ਕਰਦੇ ਹਨ। ਇਸ ਤੋਂ ਬਾਅਦ ਹੀ ਕੁਝ ਸਾਫ਼ ਹੋ ਸਕੇਗਾ ਕਿ ਇਸ ਮਾਮਲੇ ਵਿੱਚ ਅਸਲ ਸੱਚਾਈ ਕੀ ਹੈ।