ਜਲੰਧਰ: ਕੋਰੋਨਾ ਕਰਕੇ ਵੱਡੀਆਂ ਰੈਲੀਆਂ ਨਾ ਕੱਢਣ ਲਈ ਮਜਬੂਰ ਰਾਜਨੀਤਿਕ ਪਾਰਟੀਆਂ ਹੁਣ ਵਰਚੁਅਲ ਰੈਲੀਆਂ ਵੱਲ ਚੱਲ ਪਈਆਂ ਹਨ। ਸ਼ਨੀਵਾਰ ਸਵੇਰੇ 11 ਵਜੇ ਭਾਜਪਾ ਵੱਲੋਂ ਇੱਕ ਵਰਚੁਅਲ ਰੈਲੀ ਦਾ ਆਯੋਜਨ ਕੀਤਾ ਜਾਣਾ ਹੈ। ਫੇਸਬੁੱਕ 'ਤੇ ਲਾਈਵ ਹੋਣ ਵਾਲੀ ਇਸ ਰੈਲੀ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਸੰਬੋਧਿਤ ਕਰਨਗੇ।
ਇਸ ਬਾਰੇ ਦੱਸਦੇ ਹੋਏ ਪੰਜਾਬ ਭਾਜਪਾ ਦੇ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਕੋਰੋਨਾ ਕਰਕੇ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਮਾਜਿਕ ਦੂਰੀ ਅਤੇ ਜ਼ਿਆਦਾ ਲੋਕਾਂ ਦੇ ਇੱਕ ਥਾਂ 'ਤੇ ਨਾ ਇਕੱਠੇ ਹੋਣ ਕਰਕੇ ਹੁਣ ਭਾਜਪਾ ਆਪਣੇ ਕਾਰਜਕਰਤਾਵਾਂ ਨੂੰ ਵਰਚੁਅਲ ਰੈਲੀ ਰਾਹੀਂ ਸੰਬੋਧਿਤ ਕਰੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਸੀਨੀਅਰ ਆਗੂਆਂ ਦਾ ਆਪਣੇ ਕਾਰਜ਼ਕਰਤਾਵਾਂ ਨਾਲ ਸਿੱਧਾ ਰਾਬਤਾ ਨਹੀਂ ਹੋ ਰਿਹਾ ਹੈ ਅਤੇ ਨਾ ਹੀ ਆਗੂਆਂ ਵੱਲੋਂ ਰੈਲੀਆਂ ਕੱਢੀਆਂ ਜਾ ਸਕਦੀਆਂ ਹਨ। ਇਸੇ ਕਰਕੇ ਹੁਣ ਕਾਰਜ਼ਕਰਤਾਵਾਂ ਨੂੰ ਵਰਚੁਅਲ ਰੈਲੀਆਂ ਰਾਹੀਂ ਸੰਬੋਧਿਤ ਕਰਨ ਦਾ ਫੈਸਲਾ ਲਿਆ ਗਿਆ ਹੈ।