ਜਲੰਧਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਸਿਆਸੀ ਪਾਰਟੀ ਤਿਆਰੀਆਂ 'ਚ ਰੁੱਝੀ ਹੋਈ ਹੈ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸੂਬੇ 'ਚ ਚਾਰੇ ਪਾਸੇ ਹੋਈ ਨਿਖੇਧੀ ਤੋਂ ਬਾਅਦ ਅਕਾਲੀ ਦਲ ਨੂੰ ਥੋੜੀ ਵੱਧ ਤਿਆਰੀਆਂ ਦੀ ਲੋੜ ਹੈ ਜਿਸ ਦੇ ਚੱਲਦੇ ਪਾਰਟੀ ਪੱਬਾਂ ਭਾਰ ਹੈ। ਸੁਖਬੀਰ ਬਾਦਲ ਇਨ੍ਹਾਂ ਦਿਨੀਂ ਹਰ ਹਲਕੇ 'ਚ ਜਾ ਕੇ ਵਰਕਰ ਮਿਲਣੀ ਸਮਾਰੋਹ ਕਰ ਰਹੇ ਹਨ। ਇਸੇ ਲੜੀ 'ਚ ਉਹ ਜਲੰਧਰ ਵੀ ਪੁੱਜੇ ਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।
ਮੁੱਖ ਮੰਤਰੀ 'ਤੇ ਨਿਸ਼ਾਨਾ
ਜਲੰਧਰ ਛਾਉਣੀ 'ਚ ਸੁਖਬੀਰ ਬਾਦਲ ਨੇ ਵਰਕਰਾਂ ਨੂੰ ਮਿਲ ਕੇ ਲੋਕ ਸਭਾ ਚੋਣਾਂ ਲਈ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਨੂੰ ਕਿਹਾ। ਇਸ ਦੌਰਾਨ ਬਾਦਲ ਨੇ ਪੰਜਾਬ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਦਾ ਸਭ ਤੋਂ ਨਖਿੱਧ ਮੁੱਖ ਮੰਤਰੀ ਕਰਾਰ ਦਿੰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਵਾਅਦੇ ਚੋਣਾਂ ਤੋਂ ਪਹਿਲਾ ਕੀਤੇ ਸਨ, ਉਨ੍ਹਾਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਨਸ਼ੇ 'ਤੇ ਬਿਆਨ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਨਸ਼ੇ ਵਾਲੇ ਬਿਆਨ ਨੂੰ ਲੈ ਕੇ ਵੀ ਸੁਖਬੀਰ ਬਾਦਲ ਨੇ ਸੂਬਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਡੀਜੀਪੀ ਦੇ ਬਿਆਨ ਤੋਂ ਸਾਫ਼ ਹੈ ਕਿ ਸੂਬੇ 'ਚੋਂ ਨਸ਼ਾ ਖ਼ਤਮ ਨਹੀਂ ਹੋਇਆ ਤੇ ਇਸੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ? ਸੁਖਬੀਰ ਨੇ ਕਿਹਾ ਕਿ ਕੈਪਟਨ ਨੇ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਤੇ ਜਿਹੜਾ ਵਿਅਕਤੀ ਗੁਰੂ ਦਾ ਨਹੀਂ ਬਣ ਸਕਿਆ, ਉਹ ਜਨਤਾ ਦਾ ਕੀ ਬਣੇਗਾ।
'ਉਮੀਦਵਾਰਾਂ ਦੀ ਲਿਸਟ ਜਲਦ'
ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਐਲਾਨ ਬਾਰੇ ਸੁਖਬੀਰ ਨੇ ਕਿਹਾ ਕਿ ਕੁੱਝ ਨਾਂਅ ਜਾਰੀ ਕਰ ਦਿੱਤੇ ਗਏ ਹਨ ਤੇ ਬਾਕੀਆਂ ਦੀ ਲਿਸਟ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ।