ਜਲੰਧਰ: ਜ਼ਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਹੁਣ ਜਲੰਧਰ ਵਿੱਚ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 31 ਹੋ ਗਈ ਹੈ।
ਜਲੰਧਰ 'ਚ ਪੈਂਦੇ ਸ਼ਾਹਕੋਟ ਦੇ ਕੋਟਲਾ ਹੇਰਾਂ ਪਿੰਡ ਵਿਖੇ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮਰੀ ਕੁਲਜੀਤ ਕੌਰ ਦੇ ਪਤੀ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਹਾਲ ਹੀ 'ਚ ਦੁਬਈ ਤੋਂ ਆਇਆ ਸੀ।
ਇਸ ਤੋਂ ਇਲਾਵਾ ਦੂਜਾ ਮਾਮਲਾ ਕਿਲਾ ਮੁਹੱਲੇ 'ਚੋਂ ਸਾਹਮਣੇ ਆਇਆ ਹੈ, ਇਹ 40 ਸਾਲਾ ਵਿਅਕਤੀ ਇੱਕ ਕਾਂਗਰਸੀ ਆਗੂ ਦੇ ਸੰਪਰਕ 'ਚ ਸੀ ਅਤੇ ਅਕਸਰ ਉਸ ਦੇ ਨਾਲ ਘੁੰਮਦਾ ਰਹਿੰਦਾ ਸੀ।
ਇਸ ਤੋਂ ਇਲਾਵਾ ਵੀਰਵਾਰ ਸ਼ਾਮ ਨੂੰ 4 ਹੋਰ ਲੋਕਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਇਨ੍ਹਾਂ ਵਿੱਚ ਕਿਲੇ ਮੋਹੱਲੇ ਇਲਾਕੇ ਤੋਂ ਕੋਰੋਨਾ ਪੀੜਤ ਵਿਅਕਤੀ ਦੇ ਸਾਂਢੂ ਅਤੇ ਤਿੰਨ ਮਹਿਲਾਵਾਂ ਜਿੰਨ੍ਹਾਂ ਵਿਚੋਂ ਇਕ ਪੁਰਾਣੀ ਸਬਜ਼ੀ ਮੰਡੀ, ਇੱਕ ਮਹਿਲਾ ਲਿੰਕ ਰੋਡ ਅਤੇ ਇੱਕ ਮਹਿਲਾ ਰਾਜਾ ਗਾਰਡਨ ਦੀ ਹੈ।
ਦੱਸ ਦਈਏ ਕਿ ਪੰਜਾਬ 'ਚ ਹੁਣ ਤਕ ਕੋਰੋਨਾ ਵਾਇਰਸ ਦੇ 197 ਮਾਮਲੇ ਸਾਹਮਣੇ ਆਏ ਹਨ ਜਦਕਿ 14 ਲੋਕਾਂ ਦੀ ਮੌਤ ਹੋ ਚੁੱਕੀ ਹੈ।