ਜਲੰਧਰ: ਸੂਬੇ ’ਚ ਅਪਰਾਧਿਕ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਦਿਲ ਦਹਿਲਾ ਦੇਣ ਵਾਲੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਸਾਫ ਹੋ ਰਿਹਾ ਹੈ ਲੋਕਾਂ 'ਚ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦਾ ਬਿਲਕੁੱਲ ਵੀ ਖੌਫ ਨਹੀਂ ਰਿਹਾ ਹੈ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ 17 ਸਾਲ ਦੇ ਨੌਜਵਾਨ ਪਰਮਪ੍ਰੀਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਝਗੜੇ ਦੌਰਾਨ ਨੌਜਵਾਨ ’ਤੇ ਕੀਤਾ ਹਮਲਾ
ਮਿਲੀ ਜਾਣਕਾਰੀ ਮੁਤਾਬਿਕ ਬਸਤੀ ਬਾਵਾ ਖੋਲ ਦੇ ਨਿਊ ਰਾਜ ਨਗਰ ਅਤੇ ਠੇਕੇ ਵਾਲੀ ਗਲੀ ’ਚ ਪਰਮਪ੍ਰੀਤ ਦੇ ਭਰਾ ਦਾ ਕੁਝ ਲੋਕਾਂ ਦੇ ਨਾਲ ਝਗੜਾ ਹੋ ਗਿਆ ਸੀ। ਝਗੜਾ ਜਿਆਦਾ ਵਧਦਾ ਦੇਖ ਜਦੋਂ ਪਰਮਪ੍ਰੀਤ ਝਗੜੇ ਨੂੰ ਸੁਲਝਾਉਣ ਲਈ ਪਹੁੰਚਿਆ ਤਾਂ ਦੂਜੀ ਧਿਰ ਨੇ ਨੌਜਵਾਨ 'ਤੇ ਲੋਹੇ ਦੀਆਂ ਰਾਡ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਜਦੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਨੌਜਵਾਨ ਦੀ ਮੌਤ ਹੋ ਗਈ।
ਇਹ ਵੀ ਪੜੋ: ਬੇਖੌਫ ਗੁੰਡਿਆ ਨੇ ਦੁਕਾਨ ’ਤੇ ਕੀਤਾ ਹਮਲਾ, ’ਤੇ ਫਿਰ...!
ਘਟਨਾ ਦੇ ਦੋ ਘੰਟੇ ਬਾਅਦ ਪਹੁੰਚੀ ਪੁਲਿਸ
ਦੂਜੇ ਪਾਸੇ ਘਟਨਾ ਦੇ ਕਰੀਬ ਦੋ ਘੰਟੇ ਬਾਅਦ ਸਿਵਲ ਹਸਪਤਾਲ ਵਿੱਚ ਪਹੁੰਚੇ ਏਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਹਾਲੇ ਪੁਲਿਸ ਬੱਚੇ ਦਾ ਨਾਂਅ ਅਤੇ ਉਸ ਦੇ ਘਰ ਦਾ ਪਤਾ ਹੀ ਕੱਢ ਪਾਈ ਹੈ। ਹੱਤਿਆ ਕਿਸ ਨੇ ਕੀਤੀ ਹੈ ਇਸ ਬਾਰੇ ਹਾਲੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰਾਡ ਨਾਲ ਹੱਤਿਆ ਕੀਤੀ ਗਈ ਹੈ ਉਹ ਵੀ ਪੁਲਿਸ ਨੇ ਹਾਲੇ ਬਰਾਮਦ ਨਹੀਂ ਕੀਤਾ ਹੈ। ਜਦਕਿ ਦੂਜੇ ਪਾਸੇ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਜਿਸ ਹਥਿਆਰ ਨਾਲ ਨੌਜਵਾਨ ਨੂੰ ਮਾਰਿਆ ਗਿਆ ਉਹ ਹਥਿਆਰ ਪੁਲਿਸ ਨੂੰ ਸੌਂਪ ਦਿੱਤਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।