ਜਲੰਧਰ: ਇੱਕ ਪਾਸੇ ਜਿਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਬਣਾਏ ਗਏ ਕਾਨੂੰਨ ਦਾ ਦਿੱਲੀ ਦੇ ਬਾਰਡਰ ਤੇ ਕਿਸਾਨ ਵਿਰੋਧ ਕਰਨ ਲਈ ਧਰਨੇ 'ਤੇ ਬੈਠੇ ਹਨ ਉਧਰ, ਪਿੱਛੇ ਪਰਿਵਾਰ ਦੀਆਂ ਔਰਤਾਂ ਅਤੇ ਧੀਆਂ ਉਨ੍ਹਾਂ ਦਾ ਪੂਰਾ ਕੰਮਕਾਰ ਸਾਂਭ ਕੇ ਇਸ ਗੱਲ ਦਾ ਸਬੂਤ ਦੇ ਰਹੀਆਂ ਹਨ ਕਿ ਜੇਕਰ ਕਿਸਾਨਾਂ ਨੂੰ ਲੰਮਾ ਸਮਾਂ ਵੀ ਸਰਹੱਦ 'ਤੇ ਆਪਣੇ ਹੱਕਾਂ ਦੀ ਜੰਗ ਲੜਨੀ ਪਵੇ ਤਾਂ ਪਿੱਛੇ ਖੇਤੀ ਲਈ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਅਜਿਹੀ ਹੀ ਮਿਸਾਲ ਜਲੰਧਰ ਦੇ ਕਰਤਾਰਪੁਰ ਇਲਾਕੇ ਦੀ ਇੱਕ ਕੁੜੀ ਨੇ ਕਾਇਮ ਕੀਤੀ ਹੈ ਜਿਸ ਨੇ ਆਪਣੇ ਪਿਤਾ ਦੇ ਦਿੱਲੀ ਸਰਹੱਦ ਦੇ ਧਰਨੇ ਵਿੱਚ ਸ਼ਾਮਲ ਹੋਣ ਪਿੱਛੋਂ ਖੇਤੀ ਦੀ ਪੂਰੀ ਜ਼ਿੰਮੇਵਾਰੀ ਸਾਂਭੀ ਹੋਈ ਹੈ।
ਖੇਤਾਂ ਵਿੱਚ ਟਰੈਕਟਰ ਚਲਾ ਰਹੀ ਇਹ ਕੁੜੀ ਮਨਪ੍ਰੀਤ ਕੌਰ 17 ਸਾਲਾਂ ਦੀ ਹੈ। ਉਸਦੇ ਪਿਤਾ ਵੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਸਰਹੱਦ 'ਤੇ ਹਨ। ਮਨਪ੍ਰੀਤ ਕੌਰ ਦੇ ਪਰਿਵਾਰ ਵਿੱਚ ਉਸ ਦਾ ਇਕ ਭਰਾ ਵੀ ਹੈ, ਜੋ ਇਸ ਵੇਲੇ ਕੈਨੇਡਾ ਰਹਿ ਰਿਹਾ ਹੈ। ਪਿਤਾ ਦੇ ਧਰਨੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਨਪ੍ਰੀਤ ਅਤੇ ਉਸ ਦੀ ਮਾਤਾ ਨੇ ਹੀ ਘਰ ਅਤੇ ਖੇਤੀਬਾੜੀ ਦਾ ਸਾਰਾ ਕੰਮ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਮਨਪ੍ਰੀਤ ਦੀ ਮਾਤਾ ਜਿਥੇ ਘਰ ਦਾ ਕੰਮ ਸੰਭਾਲਦੀ ਹੈ, ਉਥੇ ਹੀ ਮਨਪ੍ਰੀਤ ਆਪਣੇ ਖੇਤਾਂ ਵਿੱਚ ਖੇਤੀ ਕਰਨ ਅਤੇ ਕਣਕ ਬੀਜਣ ਵਿੱਚ ਰੁੱਝੀ ਹੋਈ ਹੈ।
ਈਟੀਵੀ ਭਾਰਤ ਨਾਲ ਮਨਪ੍ਰੀਤ ਨੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਆਪਣੇ ਪਿਤਾ ਨੂੰ ਕਹਿ ਕੇ ਕਿਸਾਨੀ ਅੰਦੋਲਨ ਵਿੱਚ ਭੇਜਿਆ ਹੈ, ਤੁਸੀ ਉਥੇ ਜਾ ਕੇ ਆਪਣੇ ਹੱਕਾਂ ਦੀ ਲੜਾਈ ਲੜੋ, ਖੇਤਾਂ ਦਾ ਫ਼ਿਕਰ ਛੱਡ ਦਿਓ। ਉਸ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਸ਼ੌਕ ਵੱਜੋਂ ਟਰੈਕਟਰ ਚਲਾ ਰਹੀ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਉਸ ਨੂੰ ਇਹ ਕੰਮ ਆਪਣੇ ਹੱਥੀਂ ਕਰਨਾ ਪਵੇਗਾ ਅਤੇ ਖੇਤਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਪਵੇਗੀ।
ਬਤੌਰ ਮਨਪ੍ਰੀਤ ਅੱਜ ਉਹ ਪਿਤਾ ਦੀ ਗ਼ੈਰ-ਹਾਜ਼ਰੀ ਵਿੱਚ ਆਪਣੇ ਖੇਤਾਂ ਦੇ ਸਾਰੇ ਕੰਮਕਾਜ ਖ਼ੁਦ ਕਰ ਰਹੀ ਹੈ, ਜਿਸ ਵਿੱਚ ਟਰੈਕਟਰ ਨਾਲ ਖੇਤਾਂ ਨੂੰ ਵਾਹੁਣਾ ਵੀ ਸ਼ਾਮਲ ਹੈ। ਉਸ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਜ਼ਰੂਰ ਜਿੱਤ ਕੇ ਹੀ ਪਰਤਣਗੇ। ਉਸ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨ ਹੱਕਾਂ ਲਈ ਸਰਹੱਦ 'ਤੇ ਡਟੇ ਹੋਏ ਹਨ ਤਾਂ ਸਰਕਾਰ ਇਹ ਬਿਲਕੁੱਲ ਨਾ ਸੋਚੇ ਕਿ ਕਿਸਾਨਾਂ ਦੇ ਕੰਮ ਰੁਕ ਜਾਣਗੇ ਕਿਉਂਕਿ ਹੁਣ ਕਿਸਾਨਾਂ ਦੇ ਧੀਆਂ-ਪੁੱਤਰਾਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਸਾਂਭੀ ਹੋਈ ਹੈ।