ਹੁਸ਼ਿਆਰਪੁਰ: ਜਿੱਥੇ ਪੰਜਾਬ ਸਰਕਾਰ ਵੱਲੋਂ ਅਫ਼ਸਰਸ਼ਾਹੀ ਦੀ ਵਧੀਆ ਕਾਰਗੁਜ਼ਾਰੀ ਦਾ ਦਾਅਵਾ ਕਰ ਰਹੀ ਹੈ। ਉੱਥੇ ਹੀ ਜ਼ਮੀਨੀ ਹਕੀਕਤ ਦੇ ਵਿੱਚ ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਅਜਿਹਾ ਹੀ ਆਲਮ ਦੇਖਣ ਨੂੰ ਮਿਲਿਆ ਹੈ ਗੜ੍ਹਸ਼ੰਕਰ ਵਿਖੇ ਜਿੱਥੇ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਸਬਜ਼ੀ ਮੰਡੀ ਗੜ੍ਹਸ਼ੰਕਰ ਜੋ ਕਿ ਬਿਨਾਂ ਅਧਿਕਾਰੀਆਂ ਤੋਂ ਚਲਾ ਕੇ ਟੈਕਸ ਚੋਰੀ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ।
ਦਰਅਸਲ ਪੰਜਾਬ ਦੇ ਵਿੱਚ ਲੱਗਣ ਵਾਲੀਆਂ ਮੰਡੀਆਂ ਦੇ ਵਿੱਚ ਵਪਾਰੀਆਂ ਵੱਲੋਂ ਵੇਚੀਆਂ ਜਾਣ ਵਾਲੀਆਂ ਸਬਜ਼ੀਆਂ ਅਤੇ ਫਲ ਫਰੂਟ ਜਦੋਂ ਮੰਡੀ ਦੇ ਵਿੱਚ ਪਹੁੰਚਦੇ ਹਨ ਤਾਂ ਆੜ੍ਹਤੀਆਂ ਵੱਲੋਂ ਕੀਤੀ ਗਈ ਜਿਨਸਾਂ ਦੀ ਨਿਲਾਮੀ ਤੋਂ ਪ੍ਰਾਪਤ ਮਾਰਕੀਟ ਫ਼ੀਸ ਦਾ ਵੇਰਵਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਰੱਖਿਆ ਜਾਂਦਾ ਹੈ। ਪਰ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਮਾਰਕੀਟ ਕਮੇਟੀ ਦਾ ਕੋਈ ਵੀ ਅਧਿਕਾਰੀ ਨਾ ਹੋਣ ਕਰਕੇ ਮਾਰਕੀਟ ਫੀਸ ਦੀ ਚੋਰੀ ਕੀਤੀ ਜਾਂਦੀ ਹੈ। ਜਦੋਂ ਸਰਕਾਰ ਦੇ ਨਿਯਮਾਂ ਅਨੁਸਾਰ ਮੰਡੀ ਸੁਪਰਵਾਈਜ਼ਰ ਦਾ ਲਗਾਇਆ ਜਾਣਾਂ ਬਹੁਤ ਜਰੂਰੀ ਹੈ।
ਉੱਥੇ ਹੀ ਇਸ ਸੰਬੰਧ ਦੇ ਵਿੱਚ ਜਦੋਂ ਵਾਈਸ ਪ੍ਰਧਾਨ ਸਬਜ਼ੀ ਮੰਡੀ ਗੜ੍ਹਸ਼ੰਕਰ ਕਾਹਨ ਚੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਫੀਸ ਦੀ ਚੋਰੀ ਅਤੇ ਨਾਲ ਹੀ ਸਬਜ਼ੀ ਮੰਡੀ ਗੜ੍ਹਸ਼ੰਕਰ ਵਿੱਚ ਵਿਕਾਸ ਦੇ ਕਾਰਜਾਂ ਵਿੱਚ ਵੱਡੇ ਪੱਧਰ ਤੇ ਘਪਲੇ ਹੋਏ ਹਨ।
ਇਸ ਸੰਬੰਧ ਵਿਚ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰਪਾਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਟਾਫ਼ ਦੀ ਵੱਡੀ ਘਾਟ ਦੀ ਗੱਲ ਕਹੀ, ਪਰ ਮਾਰਕੀਟ ਕਮੇਟੀ ਦੀ ਫੀਸ ਬਾਰੇ ਉਨ੍ਹਾਂ ਗੋਲਮੋਲ ਜਵਾਬ ਦਿੱਤਾ ਕਿਹਾ ਕਿ ਮੁਲਾਜਿਮ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਜੋ ਸਰਕਾਰ ਨੇ ਸਾਨੂੰ ਹਦਾਇਤ ਦਿੱਤੀ ਹੈ ਉਸ ਹਿਸਾਬ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਧਰ ਇਸ ਮਾਮਲੇ ਬਾਰੇ ਜਦੋਂ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰ ਦੇਵਾਂਗੇ। ਇਹ ਸਾਰੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਅਫ਼ਸਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜੋ: ਹਿਮਾਚਲ ਪ੍ਰਦੇਸ਼ 'ਚ ਬਾਰਿਸ਼ ਨੇ ਤੋੜੇ 15 ਸਾਲ ਦੇ ਰਿਕਾਰਡ