ਹੁਸ਼ਿਆਰਪੁਰ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 96ਵੇਂ ਜਨਮ ਦਿਵਸ ਪ੍ਰੋਗਰਾਮ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਉਸ ਸਮੇਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿਸਾਨਾਂ ਨੇ ਪ੍ਰੋਗਰਾਮ ਵਾਲੀ ਥਾਂ ਨੂੰ ਰੋਸ ਪ੍ਰਦਰਸ਼ਨ ਕਰਦੇ ਹੋਏ ਚੌਕ ਵਿੱਚ ਜਾਮ ਲਗਾ ਦਿੱਤਾ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਵੱਲੋਂ ਪ੍ਰੋਗਰਾਮ ਦੌਰਾਨ ਹਾਜ਼ਰ ਹੋ ਕੇ ਸੰਬੋਧਨ ਵੀ ਕੀਤਾ ਜਾਣਾ ਸੀ ਪਰੰਤੂ ਜਿਵੇਂ ਹੀ ਕਿਸਾਨ ਯੂਨੀਅਨ ਪਤਾ ਪ੍ਰੋਗਰਾਮ ਕੀਤੇ ਜਾਣ ਬਾਰੇ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪ੍ਰੋਗਰਾਮ ਵਾਲੀ ਥਾਂ ਨੂੰ ਘੇਰ ਲਿਆ। ਇਸ ਮੌਕੇ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ ਪਰੰਤੂ ਕਿਸਾਨਾਂ ਨੇ ਪੁਲਿਸ ਬੈਰੀਕੇਡਾਂ ਨੂੰ ਪਿੱਛੇ ਧੱਕਦੇ ਹੋਏ ਅੱਗੇ ਚਲੇ ਗਏ।
ਇਸ ਦੌਰਾਨ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਕੱਠ ਕਰ ਕੇ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਸੋਮ ਪ੍ਰਕਾਸ਼ ਦੇ ਪ੍ਰੋਗਰਾਮ ਵਾਲੀ ਥਾਂ ਨੂੰ ਜਾਮ ਕਰ ਦਿੱਤਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸੋਮ ਪ੍ਰਕਾਸ਼ ਜੋ ਕਿ ਮੋਦੀ ਦੀ ਕੈਬਨਿਟ ਵਿੱਚ ਮੰਤਰੀ ਹੈ ਉਸ ਨੂੰ ਪੰਜਾਬ ਅਤੇ ਹੁਸ਼ਿਆਰਪੁਰ ਵਿੱਚ ਕੋਈ ਵੀ ਸੰਬੋਧਨ ਨਹੀਂ ਕਰਨ ਦਿੱਤਾ ਜਾਵੇਗਾ।
ਸੁਰੱਖਿਆ ਛੱਤਰੀ ਹੇਠ ਪ੍ਰੋਗਰਾਮ ਦੌਰਾਨ ਬਿਨਾਂ ਸੰਬੋਧਨ ਹੀ ਨਿਕਲੇ ਕੇਂਦਰੀ ਮੰਤਰੀ
ਉਧਰ, ਪੁਲਿਸ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਵੇਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਸੁਰੱਖਿਆ ਛੱਤਰੀ ਹੇਠ ਪ੍ਰੋਗਰਾਮ ਵਾਲੀ ਥਾਂ 'ਤੇ ਪਹੁੰਚਾਇਆ ਗਿਆ। ਕੇਂਦਰੀ ਮੰਤਰੀ ਨੇ ਇਸ ਦੌਰਾਨ ਸਿਰਫ਼ ਆਨਲਾਈਨ ਪ੍ਰੋਗਰਾਮ ਦਾ ਬਟਨ ਹੀ ਦਬਾਇਆ ਅਤੇ ਬਿਨਾਂ ਸੰਬੋਧਨ ਦੇ ਹੀ ਚਲੇ ਗਏ।
ਇਸ ਦੌਰਾਨ ਕੇਂਦਰੀ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਅੱਜ ਬਟਨ ਦਬਾ ਕੇ 9 ਕਰੋੜ ਕਿਸਾਨਾਂ ਨੂੰ 18 ਹਜ਼ਾਰ ਕਰੋੜ ਰੁਪਏ ਵੰਡਣ ਦੀ ਸਕੀਮ ਵਿੱਚ ਯੋਗਦਾਨ ਪਾਇਆ ਹੈ।
ਖੇਤੀ ਕਾਨੂੰਨਾਂ ਦਾ ਹੱਲ ਛੇਤੀ: ਕੇਂਦਰੀ ਮੰਤਰੀ
ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਪੰਜਾਬ ਤੋਂ ਹਨ ਅਤੇ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਲਗਾਤਾਰ ਰਾਬਤਾ ਕਾਇਮ ਕਰਵਾਉਣ ਲਈ ਜ਼ੋਰ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨਾ ਰੋਜ਼ ਗੱਲ ਹੋ ਰਹੀ ਹੈ ਅਤੇ ਅੱਗੇ ਕੀ ਕਰਨਾ ਹੈ ਇਸ ਬਾਰੇ ਉਹ ਦੱਸ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਛੇਤੀ ਹੀ ਕੇਂਦਰ ਅਤੇ ਕਿਸਾਨਾਂ ਨੂੰ ਇਕੱਠੇ ਬਿਠਾ ਕੇ ਹੱਲ ਕੀਤਾ ਜਾਵੇਗਾ।