ਹੁਸ਼ਿਆਰਪੁਰ: ਸੂਬੇ ਵਿੱਚ ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ ਦਿਹਾੜੇ ਹੀ ਘਰਾਂ ਵਿੱਚ ਲੁੱਟ ਦੀਆਂ ਵਾਰਦਾਤਾਂ ਹੋਣ ਲੱਗੀਆਂ ਹਨ। ਚਿੱਟੇ ਦਿਨ ਹੀ ਘਰਾਂ ਵਿੱਚ ਚੋਰਾਂ ਵੱਲੋਂ ਲੱਖਾਂ ਦੇ ਸਮਾਨ 'ਤੇ ਹੱਥ ਸਾਫ ਕੀਤੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਚਿੰਤਪੂਰਨੀ ਮਾਰਗ ਤੋਂ,ਜਿਥੇ ਇੱਕ ਪਰਿਵਾਰ ਛੁੱਟੀ ਮਨਾਉਣ ਲਈ ਗਿਆ ਤਾਂ ਮਗਰੋਂ ਘਰ ਵਿੱਚ ਚੋਰਾਂ ਨੇ 12 ਲੱਖ ਦੇ ਗਹਿਣਿਆਂ ਅਤੇ ਨਕਦੀ ਉੱਤੇ ਹੱਥ ਸਾਫ ਕਰ ਲਿਆ। ਇਸ ਘਟਨਾ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਾ ਜਦੋਂ ਪਰਿਵਾਰ ਫਿਲਮ ਦੇਖ ਕੇ ਘਰ ਪਰਤਿਆ। ਇਸ ਦੌਰਾਨ ਘਰ ਵਿੱਚ ਮੰਜ਼ਰ ਦੇਖ ਕੇ ਹਰ ਕੋਈ ਹੱਕ ਬੱਕਾ ਰਹਿ ਗਿਆ। ਘਰ ਦਾ ਬਿਖਰਿਆ ਹੋਇਆ ਸਮਾਨ ਅਤੇ ਅਲਮਾਰੀਆਂ ਦੇ ਟੁੱਟੇ ਦਰਵਾਜੇ ਦੇਖ ਕੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਮਕਾਨ ਮਾਲਿਕ ਦੀ ਪਤਨੀ ਅਤੇ ਬੱਚਿਆਂ ਦਾ ਰੋ-ਰੋ ਕੇ ਹਾਲ ਬੇਹਾਲ ਹੋ ਗਿਆ।
ਅੰਦਾਜ਼ਾ ਨਹੀਂ ਸੀ, ਘਰ ਪਰਤਣ ਉੱਤੇ ਇਹ ਮਾਹੌਲ ਹੋਵੇਗਾ: ਮੌਕੇ 'ਤੇ ਮੌਜੂਦ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਛੁੱਟੀ ਹੋਣ ਕਰਕੇ ਫਿਲਮ ਦੇਖਣ ਗਿਆ ਸੀ, ਪਰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ, ਕਿ ਘਰ ਵਿੱਚ ਪਰਤਣ ਉੱਤੇ ਇਹ ਮਾਹੌਲ ਹੋਵੇਗਾ, ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਜਾਵੇਗਾ। ਘਰ ਦੇ ਮਾਲਿਕ ਵਰੁਣ ਸ਼ਰਮਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਚਿੰਤਪੁਰਨੀ ਮਾਰਗ 'ਤੇ ਚੋਰਾਂ ਦੇ ਹੌਂਸਲੇ ਬਹੁਤ ਜ਼ਿਆਦਾ ਬੁਲੰਦ ਹਨ। ਦਿਨ ਦਿਹਾੜੇ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਦੇਖ ਕੇ ਤਾਂ ਲੱਗਦਾ ਕਿ ਹੁਣ ਇਸ ਇਲਾਕੇ ਦੇ ਲੋਕਾਂ ਨੂੰ ਆਪ ਹੀ ਕਮਾਨ ਸੰਭਾਲਣੀ ਪਵੇਗੀ। ਕਿਓਂਕਿ ਅੱਜ ਇਕ ਵਾਰ ਫਿਰ ਵੱਡੀ ਲੁੱਟ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਇਸ ਮੁਹੱਲੇ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪਰ ਪੁਲਿਸ ਵੱਲੋਂ ਵੀ ਕੋਈ ਸਖਤੀ ਨਹੀਂ ਕੀਤੀ ਗਈ। ਮਕਾਨ ਮਾਲਕ ਵਰੁਣ ਸ਼ਰਮਾ ਨੇ ਦੱਸਿਆ ਕਿ ਨੇੜੇ ਕਿਸੇ ਘਰ 'ਚ ਲੱਗੇ cctv 'ਚ ਇੱਕ ਸ਼ੱਕੀ ਨਜ਼ਰੀਂ ਪੈ ਰਿਹਾ ਹੈ। ਜਿਸਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਫਿਲਹਾਲ ਪੁਲਿਸ ਨੂੰ ਇਹ ਫੁਟੇਜ ਦਿੱਤੀ ਹੈ ਜਿਸ ਦੇ ਅਧਾਰ 'ਤੇ ਕਾਰਵਾਈ ਕਰਵਾਈ ਜਾਵੇਗੀ।
ਸਾਰਾ ਇਲਾਕਾ ਦਹਿਸ਼ਤ ਦੇ ਸਾਏ 'ਚ ਦਿਨ ਕੱਟ ਰਿਹਾ ਹੈ: ਉਥੇ ਹੀ ਮੁਹੱਲਾ ਵਸਨੀਕਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਦਿਨ ਦਿਹਾੜੇ ਚੋਰੀ ਹੋਣਾ ਆਮ ਗੱਲ ਹੋ ਗਈ ਹੈ। ਜਿਸ ਕਾਰਨ ਸਾਰਾ ਇਲਾਕਾ ਦਹਿਸ਼ਤ ਦੇ ਸਾਏ 'ਚ ਦਿਨ ਕੱਟ ਰਿਹਾ ਹੈ ਅਤੇ ਪੁਲਿਸ ਹੱਥ 'ਤੇ ਹੱਥ ਧਰੀ ਬੈਠੀ ਹੈ। ਉਧਰ ਇਸ ਬਾਰੇ ਜਦੋਂ ਥਾਣਾ ਸਦਰ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਓਹਨਾਂ ਇਹ ਕਹਿੰਦਿਆਂ ਫੋਨ ਕੱਟ ਦਿੱਤਾ ਕਿ ਪੀੜਤ ਪਰਿਵਾਰ ਨੇ ਹਾਲੇ ਬਿਆਨ ਹੀ ਨਹੀਂ ਦਿੱਤੇ ਹਨ। ਜਦੋਂ ਪੱਤਰਕਾਰਾਂ ਵੱਲੋਂ ਥਾਣਾ ਸਦਰ ਜਾ ਕੇ ਪੁਲਿਸ ਦਾ ਪੱਖ ਜਾਣਨਾ ਚਾਹਿਆ ਤਾਂ ਥਾਣੇ ਨੂੰ ਅੰਦਰੋਂ ਤਾਲੇ ਲਗੇ ਮਿਲੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਖੀਰ ਸ਼ਹਿਰਾਂ ਵਿੱਚ ਅਪਰਾਧ ਕਿਉਂ ਵੱਧ ਰਹੇ ਹਨ।