ਹੁਸ਼ਿਆਰਪੁਰ: ਬੀਤੇ ਦਿਨ ਮੁਕੇਰੀਆਂ ਦੇ ਰਹਿਣ ਵਾਲੇ ਇਕ ਨੌਜਵਾਨ ਅਮਨਦੀਪ ਡਡਵਾਲ ਉਰਫ ਵਿੱਕੀ ਜੋ ਕਿ ਖੇਤੀਬਾੜੀ ਮਹਿਕਮੇ ‘ਚ ਅਧਿਕਾਰੀ (Agriculture Officer ) ਵਜੋਂ ਸੇਵਾਵਾਂ ਨਿਭਾ ਰਿਹਾ ਸੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਤੇ ਉਸਦੀ ਲਾਸ਼ ਪੁਲਿਸ ਨੇ ਇਕ ਖਾਲੀ ਪਲਾਟ ‘ਚੋਂ ਬਰਾਮਦ ਕੀਤੀ ਸੀ। ਪੁਲਿਸ (Police) ਨੇ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਥਿਤ ਮੁਲਜ਼ਮ ਨੂੰ ਕਾਬੂ (Arrested) ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਕੇਰੀਆਂ ਦੇ ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਅਮਨਦੀਪ ਡਡਵਾਲ ਦਾ ਜਿਸ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਹੈ ਉਸਦੀ ਪਹਿਚਾਣ ਆਸ਼ੂਤੋਸ਼ ਪੁੱਤਰ ਅਸ਼ਵਨੀ ਕੁਮਾਰ ਵਾਸੀ ਕਲਾਂ ਮੰਜ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਆਸ਼ੂਤੋਸ਼ ਨੂੰ ਕਈ ਵਾਰ ਕੰਮ ਤੋਂ ਕੱਢਿਆ ਜਾ ਚੁੱਕਾ ਸੀ ਤੇ ਉਸਨੂੰ ਸ਼ੱਕ ਸੀ ਕਿ ਉਸਨੂੰ ਅਮਨਦੀਪ ਡਡਵਾਲ ਕੰਮ ਤੋਂ ਕਢਵਾਉਂਦਾ ਹੈ ਜਿਸ ਕਾਰਨ ਹੀ ਉਸ ਵੱਲੋਂ ਉਕਤ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।
ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਮੁਲਜ਼ਮ ਤੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਉਸਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਉਪਰੰਤ ਉਸ ਤੋਂ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਫਿਲਹਾਲ ਕਥਿਤ ਮੁਲਜ਼ਮ ਵਲੋਂ ਇਕੱਲੇ ਹੀ ਉਕਤ ਮਾਮਲੇ ਨੂੰ ਅੰਜ਼ਾਮ ਦੇਣ ਦੀ ਗੱਲ ਕਹੀ ਗਈ ਹੈ ਤੇ ਜੇਕਰ ਹੋਰ ਵੀ ਕਿਸੇ ਵਿਅਕਤੀ ਦੀ ਕੋਈ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।