ਹੁਸ਼ਿਆਰਪੁਰ: ਰਾਸ਼ਟਰੀ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਹਦਾਇਤਾਂ ਅਨੁਸਾਰ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜ਼ਿਲ੍ਹਾ ਪੱਧਰ 'ਤੇ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।
ਸਕੂਲ 'ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਮਾਊਂਟ ਕਾਰਮਲ ਸੀਨੀਅਰ ਸੈਕੰਡਰੀ ਸਕੂਲ ਕੱਕੋਂ 'ਚ 15 ਬੱਸਾਂ ਦੀ ਚੈਕਿੰਗ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਸਕੂਲੀ ਬੱਚਿਆਂ ਦੀ ਸੁਰੱਖਿਆ ਸੰਬੰਧੀ ਵੱਖ-ਵੱਖ ਪਹਿਲੂਆਂ ਜਿਵੇਂ ਅੱਗ ਬੁਝਾਊ ਯੰਤਰ, ਫਸਟ ਏਡ ਬਾਕਸ, ਐਮਰਜੈਂਸੀ ਖਿੜਕੀਆਂ, ਸਕੂਲ ਬੈਗ ਰੱਖਣ ਲਈ ਸਹੀ ਪ੍ਰਬੰਧ, ਬੱਚਿਆਂ ਦੇ ਬੈਠਣ ਲਈ ਸਹੀ ਸੀਟਾਂ ਦਾ ਪ੍ਰਬੰਧ ਆਦਿ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 12 ਬੱਸਾਂ ਵਿੱਚ ਖਾਮੀਆਂ ਵੀ ਪਾਈਆਂ ਗਈਆਂ ਅਤੇ ਉਨ੍ਹਾਂ ਦੇ ਚਲਾਨ ਵੀ ਕੱਟੇ ਗਏ ਹਨ।
ਇਹ ਵੀ ਪੜ੍ਹੋ- ਕਾਂਗਰਸ-ਐਨਸੀਪੀ ਤੇ ਸ਼ਿਵ ਸੈਨਾ ਨੇ ਰਾਜਪਾਲ ਨੂੰ ਸੌਂਪਿਆ ਪੱਤਰ, ਨਹੀਂ ਆਇਆ ਉੱਧਵ ਠਾਕਰੇ ਦਾ ਨਾਂਅ
ਇਸ ਟੀਮ ਵਿੱਚ ਟਰੈਫਿਕ ਪੁਲਿਸ, ਸਿੱਖਿਆ ਵਿਭਾਗ, ਰਿਜਨਲ ਟਰਾਂਸਪੋਰਟ ਦਫ਼ਤਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਨੁਮਾਇੰਦੇ ਸ਼ਾਮਲ ਹੋਏ। ਚੈਕਿੰਗ ਦੌਰਾਨ ਸਮੂਹ ਸਕੂਲ ਮੁਖੀ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਲਈ ਚਲਾਏ ਜਾ ਰਹੇ ਵਾਹਨਾਂ ਸੰਬੰਧੀ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਸ ਦੌਰਾਨ ਬੱਚਿਆਂ ਨੂੰ ਸਕੂਲ ਵਿੱਚ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦੇਣ ਸਬੰਧੀ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਦੱਸਿਆ ਗਿਆ।