ਹੁਸ਼ਿਆਰਪੁਰ- ਪਿੰਡ ਟੋਡਰਪੁਰ 'ਚ ਬਣੇ ਗੁਰਦੁਆਰਾ ਗੁਰੂ ਰਵੀਦਾਸ ਵਿੱਖੇ ਮਹਾਰਾਜ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਉਣ ਨੂੰ ਲੈ ਕੇ ਪਿੰਡ ਦੀਆਂ ਹੀ 2 ਧਿਰਾਂ ਦੇ ਆਪਸੀ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਤ ਨਾਜ਼ੁਕ ਹੁੰਦਿਆਂ ਦੇਖ ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ 'ਤੇ ਕਾਬੂ ਪਾਇਆ।
ਪਿੰਡ ਵਾਸੀਆਂ ਨੇ ਸਾਲਾਂ ਤੋਂ ਚੱਲੇ ਆ ਰਹੇ ਪੂਰੇ ਮਾਮਲੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਿੰਡ ਵਿੱਚ ਹੀ ਸਰਪੰਚ ਦੀ ਸ਼ਹਿ 'ਤੇ ਕੁੱਝ ਮੁੰਡਿਆਂ ਨੇ ਮਿਲ ਕੇ ਕਮੇਟੀ ਬਣਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਗੁਰਦੁਆਰੇ ਤੋਂ ਖੰਡੇ ਦਾ ਨਿਸ਼ਾਨ ਉਤਾਰ ਕੇ ਹਰ ਦਾ ਨਿਸ਼ਾਨ ਲਗਾ ਦਿੱਤਾ।
ਕੁੱਝ ਸਮਾਂ ਬਾਅਦ ਗੁਰੂ ਮਹਾਰਾਜ ਦੀ ਬੇਅਦਬੀ ਕਰਦਿਆਂ ਮਹਾਰਾਜ ਦੀ ਥਾਂ ਮੂਰਤੀ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵਿਰੋਧ ਕਰਨ 'ਤੇ ਪਿੰਡ ਵਾਸੀਆਂ ਦੀ ਗ਼ਲਤੀ ਦੱਸਦਿਆਂ ਉਨ੍ਹਾਂ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਤੇ ਕੋਰਟ ਨੇ ਫ਼ੈਸਲਾ ਸੁਣਾਇਆ ਕਿ ਪ੍ਰਸ਼ਾਸਨ ਦੇ ਫ਼ੈਸਲੇ ਤੋਂ ਪਹਿਲਾਂ ਉੱਥੇ ਕੋਈ ਵੀ ਧਿਰ ਸਮਾਗਮ ਨਹੀਂ ਕਰ ਸਕਦੀ।
ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਸਾਲ ਤੋਂ ਚੱਲੇ ਆ ਰਹੇ ਇਸ ਮਾਮਲੇ 'ਚ ਅਜੇ ਤਕ ਪ੍ਰਸ਼ਾਸਨ ਨੇ ਕੋਈ ਕਦਮ ਜਾਂ ਦਖ਼ਲਅੰਦਾਜ਼ੀ ਨਹੀਂ ਕੀਤੀ ਹੈ। ਲੋਕਾਂ ਨੇ ਇਹ ਵੀ ਕਿਹਾ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਦੂਜੀ ਧਿਰ ਨੂੰ ਸਹਿਮਤੀ ਵੀ ਸਰਪੰਚ ਦੀ ਸ਼ਹਿ 'ਤੇ ਹੀ ਮਿਲੀ ਹੈ।
ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਦੇ PUSU ਪ੍ਰਧਾਨ ਸਤਵਿੰਦਰ ਸਿੰਘ ਨੇ ਦੇਸ਼ ਨੂੰ ਕਿਹਾ ਅਲਵਿਦਾ
ਉੱਥੇ ਹੀ ਦੂਜੇ ਪਾਸੇ ਐਸਐਚਓ ਪਰਦੀਪ ਸਿੰਘ ਦੀ ਕਹਿਣਾ ਹੈ ਕਿ ਅੱਜ ਹਾਲਾਤਾਂ ਨੂੰ ਦੇਖਦਿਆਂ ਸਾਰੀ ਪੁਲਿਸ ਫੋਰਸ ਇੱਥੇ ਪਹੁੰਚੀ ਹੈ, ਤੇ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਅਜੇ ਤੱਕ ਇਸ ਬਾਰੇ ਕੋਰਟ ਤੋਂ ਕੋਈ ਫ਼ੈਸਲਾ ਨਹੀਂ ਆਇਆ ਹੈ।
ਦਿਲਚਸਪ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ 'ਚ ਪੁਲਿਸ ਤੇ ਪਿੰਡ ਵਾਸੀਆਂ ਦੇ ਵੱਖ-ਵੱਖ ਬਿਆਨ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਕੋਰਟ ਆਪਣਾ ਫ਼ੈਸਲਾ ਸੁਣਾ ਚੁੱਕੀ ਹੈ, ਪਰ ਇਸ ਦੇ ਉਲਟ ਪੁਲਿਸ ਦੇ ਬਿਆਲ ਅਨੁਸਾਰ ਕੋਰਟ ਤੋਂ ਅਜੇ ਤਕ ਕੋਈ ਫ਼ੈਸਲਾ ਨਹੀਂ ਆਇਆ।
ਸੋਚਣ ਵਾਲੀ ਗੱਲ ਇਹ ਹੈ ਕਿ ਆਖ਼ਿਰ ਪੁਲਿਸ ਅਤੇ ਪਿੰਡ ਵਾਸੀਆਂ ਦੇ ਵੱਖ-ਵੱਖ ਬਿਆਨ 'ਤੇ ਆਖ਼ਿਰ ਕਿਸ 'ਤੇ ਭਰੋਸਾ ਕੀਤਾ ਜਾਵੇਗਾ। ਰਹੀ ਗੱਲ ਸਰਪੰਚ ਦੀ ਸ਼ਹਿ ਦੀ ਤਾਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਪੁਲਿਸ ਨਾਲ ਰਲ ਮਾਮਲੇ ਦੀ ਪੜਤਾਲ ਕਰ ਹੱਲ ਲੱਭ ਲੈਣਾ ਚਾਹੀਦਾ।