ਹੁਸ਼ਿਆਰਪੁਰ: 2017 ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ, 3 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਮਗਰੋਂ ਉਹ ਆਪਣਾ ਵਾਅਦਾ ਪੂਰਾ ਕਰਦੇ ਹੋਏ ਨਜ਼ਰ ਆ ਰਹੇ ਹਨ। ਬੇਸ਼ੱਕ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਨੌਜਵਾਨਾਂ ਨੂੰ ਫੋਨ ਦੇਣ ਦੀ ਗੱਲ ਆਖੀ ਸੀ ਪਰ ਹੁਣ ਸਿਰਫ਼ 12ਵੀਂ ਦੇ ਵਿਦਿਆਰਥੀਆਂ ਨੂੰ ਹੀ ਫੋਨ ਦਿੱਤੇ ਜਾ ਰਹੇ ਹਨ।
ਕੈਪਟਨ ਸਰਕਾਰ ਵੱਲੋਂ ਵੰਡੇ ਜਾ ਰਹੇ ਸਮਾਰਟ ਫੋਨਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਜੰਮ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਵੀ ਕੈਪਟਨ ਵੱਲੋਂ ਦਿਤੇ ਜਾ ਰਹੇ ਸਮਾਰਟ ਫੋਨਾਂ ਨੂੰ ਲੈ ਕੇ ਸਵਾਰ ਚੁੱਕੇ ਹਨ। ਵਿਜੇ ਸਾਂਪਲਾ ਨੇ ਕੈਪਟਨ ਦੇ ਸਮਾਰਟ ਫੋਨਾਂ ਨੂੰ ਹਾਸੋਹੀਣੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਹਿਲਾ ਕਹਿੰਦੇ ਸਨ ਕਿ ਸਾਰੇ ਨੌਜਵਾਨਾਂ ਨੂੰ ਫੋਨ ਦਿੱਤੇ ਜਾਣਗੇ ਪਰ ਹੁਣ ਕਹਿੰਦੇ ਕਿ ਸਿਰਫ਼ 12ਵੀਂ ਦੇ ਵਿਦਿਆਰਥੀਆਂ ਨੂੰ ਹੀ ਫੋਨ ਦਿੱਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ 12ਵੀਂ ਦੇ ਵੀ ਸਾਰੇ ਵਿਦਿਆਰਥੀਆਂ ਨੂੰ ਫੋਨ ਨਹੀਂ ਦਿੱਤੇ ਜਾਣਗੇ। ਵਿਜੇ ਸਾਂਪਲਾ ਨੇ ਕਿਹਾ ਕਿ ਪਹਿਲਾਂ ਸਰਕਾਰ ਇਹ ਫੈਸਲਾ ਕਰ ਲਵੇ ਕਿ ਉਨ੍ਹਾਂ ਫੋਨ ਕਿਸ ਨੂੰ ਦੇਣੇ ਹਨ।