ਗੜ੍ਹਸ਼ੰਕਰ: ਬੀਤ ਇਲਾਕੇ ਦੇ ਕਸਬਾ ਬੀਣੇਵਾਲ ਵਿੱਚ ਪਿਛਲੇ ਹਫਤੇ ਇੱਕ ਓਵਰਲੋਡਿੰਗ ਟਿੱਪਰ ਨਾਲ ਪਿੰਡ ਭਵਾਨੀਪੁਰ ਦੀ ਵਸਨੀਕ ਔਰਤ ਰਾਜ ਰਾਣੀ ਦੀ ਹੋਈ ਮੌਤ ਤੇ ਪਰਿਵਾਰ ਨੂੰ ਇਨਸਾਫ ਦੁਆਉਣ ਅਤੇ ਇਲਾਕੇ ਵਿੱਚ ਨਾਜਾਇਜ਼ ਖਣਨ, ਨਸ਼ੇਖੋਰੀ ਅਤੇ ਹੋਰ ਸਮੱਸਿਆਵਾਂ ਪ੍ਰਤੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਬੀਤ ਭਲਾਈ ਕਮੇਟੀ ਅਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਝੁੰਗੀਆਂ ਬੱਸ ਅੱਡੇ ’ਤੇ ਸਰਕਾਰ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਆਪਣੀ ਭੜਾਸ ਕੱਢੀ। ਬੁਲਾਰਿਆਂ ਨੇ ਕਿਹਾ ਕਿ ਇਲਾਕੇ ਵਿਚ ਨਾਜਾਇਜ਼ ਖਣਨ ਨਾਲ ਸੜਕਾਂ ਖਰਾਬ ਹੋ ਰਹੀਆਂ ਹਨ, ਰੋਜ਼ਾਨਾ ਓਵਰਲੋਡਿੰਗ ਟਿੱਪਰਾਂ ਨਾਲ ਹਾਦਸੇ ਵਾਪਰ ਰਹੇ ਹਨ ਪਰ ਸਰਕਾਰ ਦੇ ਨੁਮਾਇੰਦੇ ਚੁੱਪੀ ਸਾਧ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਹਰ ਪਾਰਟੀ ਦੀ ਸਰਕਾਰ ਨੇ ਬੀਤ ਇਲਾਕੇ ਨਾਲ ਧਰੋਹ ਕੀਤਾ ਹੈ ਤੇ ਇਸ ਇਲਾਕੇ ਨੂੰ ਸਪੈਸ਼ਲ ਪੈਕਜ ਦੇ ਕੇ ਵਿਕਾਸ ਕਰਨ ਦੇ ਝੂਠੇ ਵਾਅਦੇ ਕੀਤੇ ਗਏ ਸਨ।
ਓਵਰਲੋਡਿੰਗ ਟਿੱਪਰਾਂ ਨੂੰ ਮੁਕੰਮਲ ਬੰਦ ਕਰਨ: ਉਨ੍ਹਾਂ ਮੰਗ ਕੀਤੀ ਕਿ ਟਿੱਪਰ ਦੀ ਟੱਕਰ ਨਾਲ ਫੌਤ ਹੋਈ ਔਰਤ ਰਾਜ ਰਾਣੀ ਦੀ ਮੌਤ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਪੀੜਤ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਬੁਲਾਰਿਆਂ ਨੇ ਗੜ੍ਹਸ਼ੰਕਰ ਤੋਂ ਕੋਕੋਵਾਲ ਸੜਕ ਦੀ ਬਦਤਰ ਹਾਲਤ ਸੁਧਾਰਨ, ਓਵਰਲੋਡਿੰਗ ਟਿੱਪਰਾਂ ਨੂੰ ਮੁਕੰਮਲ ਬੰਦ ਕਰਨ, ਨਸ਼ੇਖੋਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ, ਬੀਣੇਵਾਲ ਹਸਪਤਾਲ ਵਿੱਚ ਡਾਕਟਰ ਤੇ ਲੋੜੀਂਦਾ ਪੈਰਾ ਮੈਡੀਕਲ ਸਟਾਫ ਨਿਯੁਕਤ ਕਰਨ, ਹਿਮਾਚਲ ਦੇ ਉਦਯੋਗਿਕ ਯੂਨਿਟਾਂ ਨਾਲ ਹੁੰਦੇ ਪ੍ਰਦੂਸ਼ਣ ਖਿਲਾਫ ਕਾਰਵਾਈ ਅਤੇ ਸਰਕਾਰੀ ਬੱਸਾਂ ਦੇ ਬੰਦ ਰੂਟ ਚਾਲੂ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Operation Amritpal Live Updates: ਅੰਮ੍ਰਿਤਪਾਲ ਦੀ ਭਾਲ ਜਾਰੀ, ਅੰਮ੍ਰਿਤਪਾਲ ਤੇ ਪਪਲਪ੍ਰੀਤ ਹੋਏ ਵੱਖ-ਵੱਖ !
ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ: ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਨਾਜਾਇਜ਼ ਖਣਨ ਬੰਦ ਕਰਨ ਸਬੰਧੀ ਕੋਈ ਕਾਰਵਾਈ ਨਾ ਕੀਤੀ ਤਾਂ 9 ਅਪਰੈਲ ਨੂੰ ਸਾਂਝੀ ਮੀਟਿੰਗ ਮੌਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਧਰਨੇ ਨੂੰ ਬਲਬੀਰ ਸਿੰਘ ਬੈਂਸ, ਸੂਬੇਦਾਰ ਅਸ਼ੋਕ ਕੁਮਾਰ, ਸਰਪੰਚ ਰਮੇਸ਼ ਲਾਲ ਕਸਾਣਾ, ਨਰਿੰਦਰ ਸੋਨੀ, ਸਤੀਸ਼ ਰਾਣਾ, ਰਾਮ ਜੀ ਦਾਸ ਚੌਹਾਨ, ਤੀਰਥ ਸਿੰਘ ਮਾਨ, ਗਰੀਬ ਦਾਸ ਬੀਟਣ, ਜਗਦੇਵ ਮਾਨਸੋਵਾਲ, ਹਰਭਜਨ ਸਿੰਘ, ਯੋਗਰਾਜ ਸੋਢੀ, ਕੁਲਭੂਸ਼ਣ ਕੁਮਾਰ ਨੇ ਸੰਬੋਧਨ ਕੀਤਾ। ਧਰਨੇ ਵਿੱਚ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਟਿੱਪਰ ਮਾਫੀਆ ਦੇ ਖਿਲਾਫ ਜਬਰਦਸਤ ਨਾਰੇਬਾਜੀ ਕੀਤੀ ਗਈ ਅਤੇ ਆਗੂਆਂ ਨੇ ਐਲਾਨ ਕੀਤਾ ਕਿ 09 ਅਪ੍ਰੈਲ ਨੂੰ ਬੀਤ ਭਲਾਈ ਕਮੇਟੀ ਅਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੀ ਸਾਂਝੀ ਮੀਟਿੰਗ ਬੀਤ ਭਲਾਈ ਕਮੇਟੀ ਦੇ ਦਫ਼ਤਰ ਅੱਚਲਪੁਰ ਵਿਖੇ ਠੀਕ 10 ਵਜੇ ਸਵੇਰੇ ਕੀਤੀ ਜਾਵੇਗੀ ਅਤੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ । ਅੱਜ ਦੇ ਧਰਨੇ ਨੂੰ ਬੀਤ ਭਲਾਈ ਕਮੇਟੀ ਅਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ ਕਮੇਟੀ ਦੇ ਆਗੂਆ ਆਦਿ ਆਗੂਆ ਨੇ ਸੰਬੋਧਨ ਕੀਤਾ।