ਹੁਸ਼ਿਆਰਪੁਰ : ਦਸੂਹਾ ਨੇੜਲੇ ਇਲਾਕੇ ਡੁੱਗਰੀ ਵਿੱਚ ਇੱਕ ਗਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੇ ਖ਼ਸਤਾ ਹਾਲਤ ਮਕਾਨ ਦੀ ਛੱਤ ਅਚਾਨਕ ਡਿੱਗ ਪਈ। ਛੱਤ ਡਿੱਗਣ ਕਾਰਨ ਪਰਿਵਾਰ ਦੇ ਪੰਜ ਜੀਅ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਨ੍ਹਾਂ ਪੰਜ ਜੀਆਂ ਵਿੱਚ ਰੂਪ ਲਾਲ, ਉਸ ਦੀ ਪਤਨੀ ਗਰੁਦੇਵ ਕੌਰ, ਧੀ ਬੰਤਾ ਦੇਵੀ, ਦੋਹਤੀ ਲਵਪ੍ਰੀਤ ਕੌਰ ਤੇ ਗੁਆਂਢ ਦੀ ਨਿੱਕੀ ਬੱਚੀ ਸੀਮਾ ਰਾਣੀ ਸ਼ਾਮਲ ਹਨ। ਪੀੜਤ ਗੁਰਦੇਵ ਕੌਰ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਘਰ ਵਿੱਚ ਸੁੱਤੇ ਪਏ ਸਨ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ।
ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਮਕਾਨ ਦੀ ਹਾਲਤ ਬਹੁਤ ਖ਼ਸਤਾ ਹੈ ਅਤੇ ਗਰੀਬੀ ਹੋਣ ਕਾਰਨ ਉਹ ਮੁਰੰਮਤ ਕਰਵਾਉਣ ਤੋਂ ਅਸਮਰਥ ਹਨ। ਪੀੜਤ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਕੋਈ ਮਦਦ ਕਰੇ ਤਾਂ ਜੋ ਉਹ ਆਪਣਾ ਇਲਾਜ ਅਤੇ ਘਰ ਦੀ ਮੁਰੰਮਤ ਕਰਵਾ ਸਕਣ।
ਪਿੰਡ ਵਸੀਆਂ ਨੇ ਦੱਸਿਆ ਕੇ ਦੁਪਹਿਰ ਵੇਲੇ ਉਨ੍ਹਾਂ ਨੂੰ ਅਚਾਨਕ ਕੁਝ ਢਿੱਗਣ ਦੀ ਜ਼ੋਰਦਾਰ ਅਵਾਜ਼ ਆਈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਵੇਖਿਆ ਤਾਂ ਮਕਾਨ ਦੀ ਛੱਤ ਡਿੱਗ ਚੁੱਕੀ ਸੀ ਅਤੇ ਪਰਿਵਾਰ ਮਲਬੇ ਹੇਠ ਦੱਬਿਆ ਹੋਇਆ ਸੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਰਲ ਕੇ ਪਰਿਵਾਰ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ।
ਪਿੰਡ ਵਾਸੀਆਂ ਨੇ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਤੇ ਪਿੰਡ ਵਾਸੀਆਂ ਨੇ ਸਰਕਾਰ ਤੇ ਸਮਾਜ ਸੇਵੀਆਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।