ਹੁਸ਼ਿਆਰਪੁਰ: ਪੁਲਿਸ ਨੇ ਵਿਦੇਸ਼ ਤੋਂ ਆਏ NRI ਜੋੜੇ ਤੋਂ ਖੋਹ ਕਰਨ ਵਾਲੇ ਮੁਲਜ਼ਮਾਂ ਨੂੰ 12 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ। ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਮਾਮਾ-ਮਾਮੀ ਤੋਂ ਬਾਜ਼ਾਰ 'ਚੋਂ ਬੈਗ ਖੋਹ ਲਿਆ ਗਿਆ।
ਦਰਅਸਲ, ਇੰਦਰਪ੍ਰੀਤ ਵਿਦੇਸ਼ ਤੋਂ ਆਏ ਆਪਣੇ ਮਾਮਾ ਤੇ ਮਾਮੀ ਸਤਵਿੰਦਰ ਕੌਰ ਦੇ ਨਾਲ ਮਾਰਕੀਟ ਵਿੱਚ ਖਰੀਦਦਾਰੀ ਕਰ ਰਿਹਾ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ 'ਤੇ ਦੋ ਨੌਜਵਾਨ ਘੰਟਾ ਘਰ ਦੀ ਤਰਫ਼ੋਂ ਆਏ ਤੇ ਸਤਵਿੰਦਰ ਕੌਰ ਦੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਬੈਗ ਵਿੱਚ ਦੋ ਐਪਲ ਕੰਪਨੀ ਦੇ ਮੋਬਾਇਲ, ਦੋ ਸੋਨੇ ਦੇ ਗਜਰੇ, ਇੱਕ ਸੋਨੇ ਦਾ ਕੜਾ, ਚਾਰ ਅੰਗੂਠੀਆਂ, ਇੱਕ ਗਲੇ ਦੀ ਚੇਨ, ਇੱਕ ਜੋੜੀ ਚਿੱਟੇ ਗੋਲਡ ਦੀਆਂ ਵਾਲ੍ਹੀਆਂ ਅਤੇ ਕੁਝ ਇੰਡੀਅਨ ਕਰੰਸੀ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਇਸ ਵਾਰਦਾਤ ਨੂੰ ਬਾਰਾਂ ਘੰਟੇ ਵਿੱਚ ਸੁਲਝਾਉਂਦੇ ਹੋਏ ਮੁਲਜ਼ਮਾਂ ਨੂੰ ਲੁੱਟ ਦੇ ਸਾਮਾਨ ਦੇ ਨਾਲ ਗ੍ਰਿਫਤਾਰ ਕਰ ਲਿਆ।
ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਮੋਟਰਸਾਈਕਲ ਮੁਲਜ਼ਮਾਂ ਨੇ ਫਗਵਾੜੇ ਤੋਂ ਚੋਰੀ ਕੀਤਾ ਸੀ ਜਿਸ ਦਾ ਫਗਵਾੜੇ ਵਿੱਚ ਕੇਸ ਵੀ ਦਰਜ ਹੈ। ਪੁਲਿਸ ਨੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਤੇ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।