ਹੁਸ਼ਿਆਰਪੁਰ : ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਹਮੇਸ਼ਾ ਹੀ ਸੱਟ ਮਾਰੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਦੇ ਮੁਹੱਲਾ ਸਰੂਪ ਨਗਰ ਦੇ ਇੱਕ ਘਰ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਘਰ ਦੇ ਵਿੱਚ ਕੁੱਝ ਧਾਰਮਿਕ ਕਿਤਾਬਾਂ ਅਤੇ ਫ਼ੋਟੋਆਂ ਨੂੰ ਸਾੜਿਆ ਗਿਆ ਹੈ।
ਮਕਾਨ ਮਾਲਕਣ ਨੇ ਦੱਸਿਆ ਕਿ ਉਹ ਆਪ ਤਾਂ ਪਿਛਲੇ ਦੋ ਸਾਲਾਂ ਤੋਂ ਦਿੱਲੀ ਵਿਖੇ ਰਹਿੰਦੀ ਹੈ ਅਤੇ ਉਸ ਨੇ ਆਪਣਾ ਘਰ ਕਿਰਾਏ ਉੱਤੇ ਦਿੱਤਾ ਹੋਇਆ ਸੀ ਪਰ ਹੁਣ ਉਹ ਦੋ ਸਾਲ ਬਾਅਦ ਜਦੋਂ ਘਰ ਵਾਪਸ ਆਈ ਤਾਂ ਉਸ ਨੇ ਆਪਣਾ ਘਰ ਕਿਰਾਏਦਾਰਾਂ ਨੂੰ ਖਾਲੀ ਕਰਨ ਲਈ ਕਿਹਾ ਤਾਂ ਉੱਕਤ ਮਹਿਲਾ ਨੇ ਉਸ ਵਿਰੁੱਧ ਸਾਜ਼ਿਸ਼ ਕੀਤੀ।
ਮਾਲਕਣ ਨੇ ਦੱਸਿਆ ਕਿ ਉਹ ਮੁਹੱਲੇ ਵਾਲਿਆਂ ਨਾਲ ਕਿਤੇ ਬਾਹਰ ਗਈ ਸੀ, ਪਰ ਕਿਰਾਏਦਾਰ ਔਰਤ ਨੇ ਘਰ ਵਿੱਚ ਪਈਆਂ ਭਗਤ ਰਵੀਦਾਸ ਜੀ ਦੀਆਂ ਫ਼ੋਟੋਆਂ ਅਤੇ ਹੋਰ ਧਾਰਮਿਕਾਂ ਕਿਤਾਬਾਂ ਅੱਗ ਲਾ ਦਿੱਤੀ। ਜਦੋਂ ਉਹ ਘਰ ਆਈ ਤਾਂ ਘਰ ਦੇ ਵਿੱਚ ਧੂੰਆਂ-ਧੂੰਆਂ ਹੋਇਆ ਪਿਆ ਸੀ। ਉਸ ਨੇ ਕਿਰਾਏਦਾਰ ਔਰਤ ਉੱਤੇ ਇਲਜ਼ਾਮ ਲਾਏ ਹਨ ਕਿ ਉਹ ਉਸ ਦਾ ਮਕਾਨ ਖ਼ਾਲੀ ਨਹੀਂ ਕਰਨਾ ਚਾਹੁੰਦੀ।
ਘਰ ਵਿੱਚ ਲੱਗੀ ਅੱਗ ਤੋਂ ਬਾਅਦ ਉਸ ਨੇ ਜਲਦ ਹੀ ਪੁਲਿਸ ਨੂੰ ਫ਼ੋਨ ਕਰਿਆ। ਪਰ ਇਸ ਤੋਂ ਬਾਅਦ ਵੀ ਕੋਈ ਨਹੀਂ ਆਇਆ। ਫ਼ਿਰ ਉਸ ਨੇ ਪੀਸੀਆਰ ਨੂੰ ਫ਼ੋਨ ਕੀਤਾ ਤੇ ਪੁਲਿਸ ਮੌਕੇ ਉੱਤੇ ਪੁੱਜੀ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਆਪਸੀ ਜਾਇਦਾਦ ਦਾ ਮਾਮਲਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਇਸ ਮੌਕੇ ਕੋਈ ਵੀ ਧਾਰਮਿਕ ਗ੍ਰੰਥ ਨੂੰ ਨਹੀਂ ਸਾੜਿਆ ਗਿਆ।