ਹੁਸ਼ਿਆਰਪੁਰ: 21 ਅਕਤੂਬਰ ਨੂੰ ਪੰਜਾਬ ਦੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ,,, ਇਨ੍ਹਾਂ ਚਾਰ ਸੀਟਾਂ ਵਿੱਚੋਂ ਮੁਕੇਰੀਆ ਸੀਟ ਵੀ ਇੱਕ ਹੈ। ਇਸ ਸੀਟ 'ਤੇ ਚਾਂਗ ਬਿਰਾਦਰੀ ਦਾ ਇੱਕ ਵੱਡਾ ਵੋਟ ਬੈਂਕ ਹੈ। ਇਸ ਲਈ ਇਹ ਬਰਾਦਰੀ ਸੀਟ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੁਕੇਰੀਆ ਸੀਟ ਦਾ ਇਤਿਹਾਸ
ਜੇ ਸੀਟ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਇੱਥੋ ਡਾਕਟਰ ਕੇਵਲ ਕ੍ਰਿਸ਼ਨ ਸਿੰਘ 7 ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਇੱਕ ਵਾਰ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਵਿਧਾਇਕ ਰਹੇ ਹਨ। ਕੇਵਲ ਕ੍ਰਿਸ਼ਨ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਰਜਨੀਸ਼ ਬੱਬੀ ਨੇ ਆਜ਼ਾਦ ਚੋਣ ਲੜੀ ਅਤੇ ਜਿੱਤ ਹਾਸਲ ਕਰ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਬੱਬੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਜਿੱਤ ਹਾਸਲ ਕੀਤੀ। ਇੱਕ ਬਿਮਾਰੀ ਕਰ ਕੇ ਰਜਨੀਸ਼ ਬੱਬੀ ਦੀ ਮੌਤ ਹੋ ਗਈ
ਕਾਂਗਰਸ ਉਮੀਦਵਾਰ
ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਇੰਦੂ ਬਾਲਾ ਨੂੰ ਕਾਂਗਰਸ ਨੇ ਟਿਕਟ ਦੇ ਉਮੀਦਵਾਰ ਐਲਾਨਿਆ ਹੈ। ਇੰਦੂ ਬਾਲਾ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਇਲਾਕੇ ਦੇ ਲੋਕਾਂ ਦੀ ਉਮੀਦਾਂ ਤੇ ਖਰੀ ਉੱਤਰੇਗੀ।
ਭਾਰਤੀ ਜਨਤਾ ਪਾਰਟੀ ਵਿਚਲੀ ਫੁੱਟ
ਜੇ ਇਸ ਸੀਟ 'ਤੇ ਟੱਕਰ ਦੇਣ ਵਾਲੀ ਦੂਜੀ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਹੈ। ਭਾਜਪਾ ਨੇ ਇਸ ਸੀਟ ਤੋਂ ਜੰਗੀ ਲਾਲ ਮਹਾਜਨ ਨੂੰ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਬਗਾਵਤੀ ਸੁਰ ਸ਼ੁਰੂ ਹੋ ਗਏ ਹਨ। ਬੇਸ਼ੱਕ ਜੰਗੀ ਮਹਾਜਨ ਪਹਿਲਾਂ ਭਾਰਤੀ ਜਨਤਾ ਪਾਰਟੀ ਵਿੱਚ ਹੀ ਸੀ ਪਰ ਉਸ ਨੇ 2017 ਵਿੱਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਕਰਕੇ ਮੰਨਿਆ ਜਾਂਦਾ ਸੀ ਕਿ ਇਸ ਇਲਾਕੇ ਤੋਂ ਭਾਜਪਾ ਦੀ ਹਾਰ ਦਾ ਆਹੀ ਕਾਰਨ ਸੀ। ਇਸ ਲਈ ਕਿਹਾ ਜਾ ਰਿਹਾ ਹੈ ਕਿ ਇਸ ਲਈ ਭਾਜਪਾ ਨੇ ਮਹਾਜਨ ਨੂੰ ਟਿਕਟ ਦਿੱਤੀ ਹੈ।
ਪਿੱਛੇ ਹੀ ਲੰਘ ਕੇ ਗਈਆਂ ਲੋਕ ਸਭਾ ਚੋਣਾਂ ਵਿੱਚ ਸਾਂਸਦ ਸੋਮ ਪ੍ਰਕਾਸ਼ ਨੂੰ ਇਸ ਇਲਾਕੇ ਤੋਂ ਚੰਗੀ ਲੀਡ ਮਿਲੀ ਸੀ ਪਰ ਇਸ ਵਾਰ ਇਹ ਸੌਖਾ ਨਹੀਂ ਲਗਦਾ ਕਿਉਂਕਿ ਭਾਜਪਾ ਵਿੱਚ ਬਗਾਵਤੀ ਸੁਰਾਂ ਉੱਠ ਰਹੀਆਂ ਹਨ। 2017 ਦੀਆਂ ਚੋਣਾਂ ਵਿੱਚ ਭਾਜਪਾ ਤੋਂ ਉਮੀਦਵਾਰ ਰਹੇ ਅਨੁਰੇਸ਼ ਸ਼ਾਕਰ ਨੇ ਆਜ਼ਾਦ ਚੋਣਾਂ ਲੜਨ ਦਾ ਫ਼ੈਸਲਾ ਕਰ ਦਿੱਤਾ ਹੈ। ਇਹ ਵੀ ਕਿਤੇ ਨਾ ਕਿਤੇ ਬਿੜਕਾਂ ਲੱਗ ਰਹੀਆਂ ਹਨ ਕਿ ਕਿਤੇ ਪਾਰਟੀ ਦੀ ਫੁੱਟ 2017 ਵਾਲੇ ਨਤੀਜਿਆਂ ਨੂੰ ਦੁਬਾਰਾ ਨਾ ਦਹੁਰਾ ਦੇਵੇ।
'ਆਪ' ਦੀ ਕੀ ਰਹੇਗੀ ਭੂਮਿਕਾ
ਪੰਜਾਬ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਇਸ ਰੇਸ ਵਿੱਚ ਗੁਰਧਿਆਨ ਸਿੰਘ ਮੁਲਤਾਨੀ ਹਨ। ਜਿਨ੍ਹਾਂ ਨੇ ਪਾਰਟੀ ਦੀ ਲੀਡਰਸ਼ਿੱਪ ਵਾਂਗ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਹਵਾਲਾ ਦਿੰਦੇ ਹੋਏ ਜਿੱਤ ਦਾ ਦਾਅਵਾ ਕੀਤਾ ਹੈ
ਕਈਆਂ ਦਾ ਸਿਆਸੀ ਭਵਿੱਖ ਤੈਅ ਕਰਨਗੀਆਂ ਇਹ ਚੋਣਾਂ
ਇਨ੍ਹਾਂ ਚੋਣਾਂ ਵਿੱਚ ਕਈ ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ ਕਿਉਂਕਿ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਟਿਕਟ ਦਿੱਤੀ ਗਈ ਹੈ ਜੇ ਉਹ ਸੀਟ ਨਾ ਕੱਢ ਸਕੀ ਤਾਂ 2022 ਦੀਆਂ ਚੋਣਾਂ ਵਿੱਚ ਉਸ ਦੀ ਉਮੀਦਵਾਰੀ 'ਤੇ ਸਵਾਲੀਆਂ ਨਿਸ਼ਾਨ ਲੱਗ ਜਾਵੇਗਾ। ਦੂਜੇ ਪਾਸੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਇੱਥੋਂ ਚੰਗੀ ਲੀਡ ਮਿਲੀ ਸੀ ਪਰ ਜੇ ਇਸ ਤੋਂ ਬਾਅਦ ਵੀ ਭਾਜਪਾ ਸੀਟ ਨਹੀਂ ਕੱਢਦੀ ਤਾਂ ਹੋ ਸਕਦਾ ਹੈ ਕਿ ਉਹ ਉਮੀਦਵਾਰ ਵੀ 2022 ਵਿੱਚ ਕੋਈ ਦਾਅਵਾ ਨਾ ਪੇਸ਼ ਕਰ ਸਕੇ। ਬਾਕੀ ਇਹ ਤਾਂ ਸਿਆਸੀ ਕਿਆਸਰਾਈਆਂ ਨੇ ਅਸਲੀ ਤਸਵੀਰ ਤਾਂ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਸਾਫ਼ ਹੋਵੇਗਾ।