ਹੁਸ਼ਿਆਰਪੁਰ: ਪੰਜਾਬ ਦੇ ਵਿੱਚ ਲਗਾਤਾਰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ (Garhshankar Hoshiarpur Road) 'ਤੇ ਸਥਿਤ ਇਕ ਪੈਲੇਸ 'ਚ ਵਿਆਹ ਦੌਰਾਨ ਲੜਕੀ ਦੇ ਪਰਿਵਾਰ ਮੈਂਬਰ ਵੱਡੀ ਲੁੱਟ ਦਾ ਸ਼ਿਕਾਰ ਹੋ ਗਏ।
ਵਿਆਹ ਦੌਰਾਨ ਲੜਕੀ ਦੀ ਮਾਤਾ ਦਾ ਲੱਖਾਂ ਰੁਪਏ ਦੀ ਨਕਦੀ 'ਤੇ ਗਹਿਣਿਆਂ ਵਾਲਾ ਪਰਸ ਚੋਰੀ ਹੋ ਗਿਆ। ਇੱਕ ਲੜਕੇ ਵੱਲੋਂ ਪਰਸ ਚੋਰੀ ਕਰਨ ਦੀ ਘਟਨਾ ਸੀ.ਸੀ.ਟੀ.ਵੀ. ਕਮਰੇ ਅਤੇ ਮੂਵੀ ਕੈਮਰੇ 'ਚ ਕੈਦ ਹੋ ਗਈ ਹੈ।
ਦਰਅਸਲ ਗੜ੍ਹਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਰੋਡ 'ਤੇ ਸਥਿਤ ਅਨੰਦ ਨਗਰ ਦੇ ਵਸਨੀਕ ਰਿਟਾਇਰਡ ਐੱਸ.ਡੀ.ਓ. ਟੈਲੀਫੋਨ ਰਾਮ ਲੁਭਾਇਆ ਪੁੱਤਰ ਬਿਸ਼ਨ ਦਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਕ (ਗਰੈਂਡ ਮਨੋਰ) ਪੈਲੇਸ ਪਦਰਾਣਾ ਵਿਖੇ ਉਸਦੀ ਲੜਕੀ ਦਾ ਵਿਆਹ ਸੀ।
ਵਿਆਹ ਦੌਰਾਨ ਜਦੋਂ ਵਿਆਹੁਤਾ ਜੋੜੇ ਨੂੰ ਸਟੇਜ 'ਤੇ ਸ਼ਗਨ ਪੈ ਰਿਹਾ ਸੀ ਤਾਂ ਹਾਲ 'ਚ ਮੌਜੂਦ ਮੇਰੀ ਪਤਨੀ ਸੱਤਿਆ ਦੇਵੀ ਦਾ ਪਰਸ ਸੌਫੇ 'ਤੇ ਪਿਆ ਸੀ ਅਤੇ ਉਹ ਨਾਲ ਹੀ ਇਕ ਹੋਰ ਔਰਤ ਨਾਲ ਖੜ੍ਹੀ ਸੀ, ਜਿਸ ਦੌਰਾਨ ਅਚਾਨਕ ਪਰਸ ਚੋਰੀ ਹੋ ਗਿਆ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਪੁਲਿਸ ਵੱਲੋਂ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 2 ਕਾਬੂ
ਉਨ੍ਹਾਂ ਦੱਸਿਆ ਕਿ ਪਰਸ ਵਿੱਚ ਕਰੀਬ ਤਿੰਨ ਲੱਖ ਰੁਪਏ ਤੋਂ ਵਧੇਰੇ ਨਕਦੀ, ਸ਼ਗਨਾਂ ਵਾਲੇ ਲਿਫ਼ਾਫੇ 'ਤੇ ਕਰੀਬ ਡੇਢ ਲੱਖ ਦੀ ਕੀਮਤ ਦੇ ਗਹਿਣੇ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਸੀ.ਸੀ.ਟੀ.ਵੀ. ਕੈਮਰੇ ਅਤੇ ਵਿਆਹ ਦੀ ਮੂਵੀ ਦੇਖੇ ਗਏ ਤਾਂ ਉਸ ਵਿੱਚ ਇੱਕ 10 ਕੁ ਸਾਲ ਦਾ ਲੜਕਾ ਜੋ ਪਿਛਲੀ ਕਤਾਰ ਵਿਚ ਮੌਜੂਦ ਸੀ। ਉਹ ਪਰਸ ਚੁੱਕ ਕੇ ਹਾਲ ਤੋਂ ਬਾਹਰ ਭੱਜ ਕੇ ਜਾਂਦੇ ਦੇ ਦ੍ਰਿਸ਼ ਕੈਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਲੜਕਾ ਸੱਜ-ਧੱਜਕੇ ਆਇਆ ਹੋਇਆ ਸੀ, ਜਿਸ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪਰਸ ਚੋਰੀ ਹੋਣ ਨਾਲ ਉਨ੍ਹਾਂ ਦਾ ਪੰਜ ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ।
ਗੱਲਬਾਤ ਦੌਰਾਨ ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਪਰਸ ਚੋਰੀ ਹੋਣ ਦੇ ਮਾਮਲੇ 'ਚ ਸੱਤਿਆ ਦੇਵੀ ਪਤਨੀ ਰਾਮ ਲੁਭਾਇਆ ਦੇ ਬਿਆਨਾਂ 'ਤੇ ਅਣਪਛਾਤੇ ਚੋਰ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ਼ ਦੀ ਸਹਾਇਤਾ ਨਾਲ ਜਲਦ ਹੀ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਇਹ ਚੋਰ ਕਰਦੇ ਸੀ ਫਿਮਲੀ ਅੰਦਾਜ 'ਚ ਚੋਰੀ