ਹੁਸ਼ਿਆਰਪਰ: ਗੜ੍ਹਸ਼ੰਕਰ ਇਲਾਕੇ ਵਿੱਚ ਲਗਾਤਾਰ ਵਧ ਰਹੀਆਂ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਅਤੇ ਚੋਰ ਬੇਖੌਫ ਨਜ਼ਰ ਆ ਰਹੇ ਹਨ। ਗੜ੍ਹਸ਼ੰਕਰ ਦੇ ਪਿੰਡ ਬਡੇਸਰੋਂ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ 3 ਬੇਖੌਫ ਲੁਟੇਰੇ ਇੱਕ ਵਿਆਹ ਵਾਲੇ ਘਰ ਅੰਦਰ ਦਾਖਲ ਹੋ ਕੇ ਦਿਨ ਦਿਹਾੜੇ ਨਗਦੀ ਅਤੇ ਸੋਨਾ ਲੁੱਟਕੇ ਫਰਾਰ ਹੋ ਗਏ।
ਪੀੜਤ ਪਰਿਵਾਰਿਕ ਮੈਂਬਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਕੁਲਦੀਪ ਕੌਰ ਘਰ ਵਿੱਚ ਇਕੱਲੀ ਸੀ, ਤਾਂ ਤਿੰਨ ਲੁਟੇਰੇ ਘਰ ਅੰਦਰ ਦਾਖਲ ਹੋਏ ਅਤੇ ਉਸਦੀ ਮਾਤਾ ਨੂੰ ਧੱਕਾ ਮਾਰਕੇ ਘਰ ਵਿੱਚ ਮੌਜੂਦ ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਸੈੱਟ, ਇੱਕ ਵਾਲੀਆਂ ਦਾ ਜੋੜਾ ਅਤੇ 35 ਹਜ਼ਾਰ ਰੁਪਏ ਲੈਕੇ ਫਰਾਰ ਹੋ ਗਏ।
ਭਰਾ ਨੇ ਰੋਂਦੇ ਹੋਏ ਦੱਸਿਆ ਕਿ ਉਸਦੀ ਭੈਣ ਪ੍ਰੀਤੀ ਦਾ ਵਿਆਹ 17 ਅਪ੍ਰੈਲ ਨੂੰ ਰੱਖਿਆ ਹੋਇਆ ਸੀ, ਜਿਸਦੇ ਲਈ ਉਨ੍ਹਾਂ ਵਿਆਹ ਲਈ ਸਮਾਨ ਖਰੀਦਿਆ ਹੋਇਆ ਸੀ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੱਗਭਗ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੀੜਤ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਨੂੰ ਸੁਚਿਤ ਕਰ ਦਿੱਤਾ ਗਿਆ ਹੈ।
ਇਸ ਸਬੰਧ ਵਿੱਚ ਆਲ ਇੰਡੀਆ ਕਨਜ਼ਿਊਮਰ ਪ੍ਰੋਟੈਕਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬਿੱਲਾ ਨੇ ਮੌਕੇ ’ਤੇ ਜਾਇਜਾ ਲਿਆ ਅਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ। ਓਧਰ ਇਸ ਸਬੰਧ ਵਿੱਚ ਐੱਸ ਐਚ ਓ ਰਾਜੀਵ ਕੁਮਾਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ: ਟ੍ਰਾਂਸਫਾਰਮਰ ਦਾ ਤੇਲ ਚੋਰੀ ਕਰਨ ਆਏ ਚੋਰ ਦੀ ਕਰੰਟ ਲੱਗਣ ਨਾਲ ਹੋਈ ਮੌਤ