ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ ’ਤੇ ਲਹਿੰਦੇ ਪਾਸੇ ਸਥਿਤ ਪਿੰਡ ਮੋਰਾਂਵਾਲੀ ਦੇਸ਼-ਦੁਨੀਆਂ ਵਿੱਚ ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਵਜੋਂ ਜਾਣਿਆ ਜਾਂਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ-ਡਵੀਜ਼ਨ ਗੜ੍ਹਸ਼ੰਕਰ ਦਾ ਇਹ ਪਿੰਡ ਮੋਰਾਂਵਾਲੀ ਬਾਕੀਂ ਪਿੰਡਾਂ ਨਾਲੋਂ ਵੱਖਰੀ ਪਛਾਣ ਵਾਲਾ ਹੈ। ਦੁਨੀਆਂ ਭਰ ਵਿਚ ਵੱਸਦੇ ਮੋਰਾਂਵਾਲੀਆਂ ਨੂੰ ਇਹ ਮਾਣ ਹੈ ਕਿ ਉਹ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਦੇ ਵਸਨੀਕ ਹਨ।
ਸਰਕਾਰਾਂ ਦਾ ਰਵੱਈ ਬੇਰੁਖੀ ਵਾਲਾ: ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਸਰਕਾਰਾਂ ਦਾ ਰਵੱਈ ਬੇਰੁਖੀ ਵਾਲਾ ਰਿਹਾ ਹੈ ਜਿਸ ਦੀ ਜਿਉਂਦੀ ਜਾਗਦੀ ਮਿਸਾਲ ਸ਼ਹੀਦ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਤੋਂ ਮਿਲ ਰਹੀ ਹੈ। ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ‘ਮਾਤਾ ਵਿਦਿਆਵਤੀ’ ਜੀ ਦੀ ਯਾਦ ’ਚ ਕਰੋੜਾਂ ਰੁਪਏ ਖ਼ਰਚ ਕਰਕੇ ਉਸਾਰਿਆ ਗਿਆ ਸਮਾਰਕ ਅੱਜ ਲਾਵਾਰਸ ਬਣਿਆ ਪਿਆ ਹੈ।
5 ਕਰੋੜ ਦੀ ਲਾਗਤ ਨਾਲ ਉਸਾਰੀ ਗਈ ਸੀ ਇਮਾਰਤ: ਭਾਰਤ ਸਰਕਾਰ ਦੇ ਸੈਰ ਸਪਾਟਾ ਤੇ ਕਲਚਰਲ ਵਿਭਾਗ ਵਲੋਂ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ‘ਮਾਤਾ ਵਿਦਿਆਵਤੀ’ ਜੀ ਦੀ ਯਾਦ ਵਿਚ ਕਰੀਬ 5 ਕਰੋੜ ਦੀ ਲਾਗਤ ਨਾਲ ਉਸਾਰੇ ਗਏ ‘ਮਾਤਾ ਵਿਦਿਆਵਤੀ ਸਮਾਰਕ’ ਦੀ ਸੂਬਾ ਸਰਕਾਰ ਵਲੋਂ ਸਾਰ ਨਾ ਲਏ ਜਾਣ ਕਾਰਨ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ। ਸਾਲ 2016 ਵਿਚ ਲਗਭਗ ਮੁਕੰਮਲ ਹੋਣ ਨੇੜੇ ਪਹੁੰਚੇ ਸਮਾਰਕ ਦਾ ਕਾਰਜ ਵਿਚਾਲੇ ਛੱਡਣ ਵਾਲੀ ਕੰਪਨੀ ਨੇ ਨਾਂ ਹੀ ਇਸ ਆਲੀਸ਼ਾਨ ਸਮਾਰਕ ਦੀ ਜ਼ਿੰਮੇਵਾਰੀ ਕਿਸੇ ਹਵਾਲੇ ਕੀਤੀ ਤੇ ਨਾ ਹੀ ਸੈਰ ਸਪਾਟਾ ਵਿਭਾਗ ਨੇ ਉਸ ਤੋਂ ਬਾਅਦ ਇਸ ਸਮਾਰਕ ਦੀ ਸਾਂਭ ਸੰਭਾਲ ਲਈ ਕਦੇ ਮੋਰਾਂਵਾਲੀ ਪਿੰਡ ਤੱਕ ਪਹੁੰਚ ਹੀ ਕੀਤੀ ਹੈ।
ਸਮਾਰਕ ਦਾ ਰਸਮੀ ਉਦਘਾਟਨ ਵੀ ਨਹੀਂ ਹੋਇਆ: ਇਹ ਵੀ ਹੈਰਾਨੀ ਤੋਂ ਘੱਟ ਨਹੀਂ ਕਿ ਹਾਲੇ ਤਾਈਂ ਇਸ ਸਮਾਰਕ ਦਾ ਰਸਮੀ ਉਦਘਾਟਨ ਵੀ ਨਹੀਂ ਹੋਇਆ। ਮਾਤਾ ਵਿਦਿਆਵਤੀ ਸਮਾਰਕ ਅੰਦਰ ਵੱਖ-ਵੱਖ ਕਮਰਿਆਂ ’ਤੇ ਲੱਗੀਆਂ ਤਖ਼ਤੀਆਂ ਇਸ ਸਮਾਰਕ ਦੀ ਖਾਲੀ ਖੀਸੇ ਵਾਲੀ ਹਾਲਤ ਨੂੰ ਮੂੰਹੋ ਬਿਆਨ ਰਹੇ ਹਨ। ਸੰਭਾਲ ਪੱਖੋਂ ਅਣਗੌਲੇ ਗਏ ਇਸ ਆਲੀਸ਼ਾਨ ਸਮਾਰਕ ਦੀ ਹਾਲਤ ਜਿਥੇ ਦਿਨੋਂ ਦਿਨ ਵਿਗੜ ਰਹੀ ਹੈ, ਉਥੇ ਹੀ ਸਰਕਾਰ ਵਲੋਂ ਖ਼ਰਚਿਆ ਪੈਸਾ ਵੀ ਬੇਅਰਥ ਹੁੰਦਾ ਜਾਪ ਰਿਹਾ ਹੈ। ਇਸ ਸਮਾਰਕ ’ਤੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਾਂ ਸ਼ਹੀਦੀ ਦਿਹਾੜੇ ’ਤੇ ਕਦੇ ਸਰਕਾਰ ਜਾਂ ਪ੍ਰਸਾਸ਼ਨ ਪੱਧਰ ’ਤੇ ਕੋਈ ਸਮਾਗਮ ਨਹੀਂ ਕਰਾਇਆ ਗਿਆ।
NRIs ਦੀ ਮਦਦ ਨਾਲ ਹੋ ਰਹੀ ਸਾਂਭ ਸੰਭਾਲ, ਸਰਕਾਰੀ ਅਧਿਕਾਰੀ ਕੋਈ ਨਹੀਂ ਆਇਆ: ਮਾਤਾ ਵਿੱਦਿਆਵਤੀ ਵੈੱਲਫੇਅਰ ਟਰੱਸਟ ਮੋਰਾਂਵਾਲੀ ਦੇ ਪ੍ਰਧਾਨ ਸਰਵਣ ਰਾਮ ਸਿੱਧੂ ਨੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਗੁਰਨੇਕ ਸਿੰਘ, ਗੁਰਦਿਆਲ ਸਿੰਘ ਅਤੇ ਹੋਰ ਦੀ ਹਾਜ਼ਰੀ ’ਚ ਸਮਾਰਕ ਨੂੰ ਸਰਕਾਰਾਂ ਵਲੋਂ ਅਣਗੌਲਿਆਂ ਕੀਤੇ ਜਾਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਮਾਤਾ ਵਿਦਿਆਵਤੀ ਸਮਾਰਕ ਦੀ ਸੰਭਾਲ ਉਹ ਖੁੱਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ, ਸਫਾਈ ਸੇਵਕ ਨੂੰ ਤਨਖਾਹ ਪੱਲਿਓਂ ਭਰਨੀ ਪੈ ਰਹੀ ਹੈ। ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀਆਂ ਮਾਤਾਵਾਂ ਦੀਆਂ ਸਮਾਰਕ ਅਤੇ ਬਿਲਡਿੰਗ ਖੰਡਰ ਹੁੰਦੀ ਜਾ ਰਹੀ ਹੈ।
ਸਰਵਣ ਰਾਮ ਸਿੱਧੂ ਨੇ ਦੱਸਿਆ ਕਿ ਪਾਰਕਾਂ ’ਚ ਫੁੱਲ-ਬੂਟੇ ਐਨਆਰਆਈ ਦੇ ਸਹਿਯੋਗ ਨਾਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਵਿਭਾਗ ਨਾਲ ਵੀ ਸਮਾਰਕ ਦੀ ਸੰਭਾਲ ਕਈ ਵਾਰ ਸੰਪਰਕ ਕੀਤਾ ਗਿਆ ਪਰ ਇਥੇ ਕੋਈ ਨਹੀਂ ਬਹੁੜਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦਿਨ-ਦਿਨੋਂ ਵਿਗੜ ਰਹੇ ਸਮਾਰਕ ਦੀ ਸੰਭਾਲ ਵੱਲ ਧਿਆਨ ਦੇਵੇ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਉਹ ਆਪਣੇ ਪੱਧਰ ’ਤੇ ਮਨਾ ਰਹੇ ਹਨ।
ਇਹ ਵੀ ਪੜ੍ਹੋ: Shaheed Bhagat Singh: ਦਿੱਲੀ ਨਾਲ ਵੀ ਜੁੜੀਆਂ ਭਗਤ ਸਿੰਘ ਦੀਆਂ ਯਾਦਾਂ, ਜਾਣੋ ਖ਼ਾਸ ਜਾਣਕਾਰੀ