ਹੁਸ਼ਿਆਰਪੁਰ: ਸੂਬੇ 'ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ (Punjab Police) ਵੱਲੋਂ ਵਰਤੀ ਜਾ ਰਹੀ ਸਖ਼ਤੀ ਕੀਤੇ ਨਾ ਕੀਤੇ ਪੁਲਿਸ 'ਤੇ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ 'ਚ ਵਾਪਰਿਆ ਹੈ ਜਿੱਥੇ ਢਾਈ ਸਾਲ ਪਹਿਲਾਂ ਮਰੇ ਨੌਜਵਾਨ (Young people who died two and a half years ago) 'ਤੇ ਪੁਲਿਸ ਵੱਲੋਂ ਸਮੇਤ 13 ਲੋਕਾਂ 'ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਨਾਲ ਗੜ੍ਹਸ਼ੰਕਰ ਪੁਲਿਸ ਕਸੂਤੀ ਫਸੀ ਹੋਈ ਨਜ਼ਰ ਆ ਰਹੀ ਹੈ।
ਗੜ੍ਹਸ਼ੰਕਰ ਪੁਲਿਸ ਵੱਲੋਂ ਲੰਘੀ 20 ਮਈ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਨਸ਼ਾ ਦਾ ਧੰਦਾ ਕਰਨ ਦੇ ਦੋਸ਼ ਹੇਠ ਨਸ਼ੇ ਦੇ ਮਾਮਲੇ 'ਚ ਬਦਨਾਮ ਨਜ਼ਦੀਕੀ ਪਿੰਡ ਦੋਨੋਵਾਲ ਖੁਰਦ (ਬਸਤੀ ਸੈਂਸੀਆਂ) ਨਾਲ ਸਬੰਧਤ 6 ਔਰਤਾਂ ਸਮੇਤ 13 ਜਣਿਆਂ ਖਿਲਾਫ਼ ਦਰਜ ਕਰਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮੁਕੱਦਮੇ ਵਿਚ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਸੁਰਜੀਤ ਸਿੰਘ ਵਾਸੀ ਦੇਨੋਵਾਲ ਖੁਰਦ ਦਾ ਨਾਂਅ ਵੀ ਸ਼ਾਮਿਲ ਸੀ।
ਪੁਲਿਸ ਵੱਲੋਂ ਦਰਜ ਮੁਕੱਦਮੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੁਰਦੀਪ ਸਿੰਘ ਉਰਫ ਦੀਪਾ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਨੰਦੂ ਰਾਮ ਨੇ ਪੁਲਿਸ ਵਲੋਂ ਦਰਜ ਮੁਕੱਦਮੇ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਗੁਰਦੀਪ ਸਿੰਘ ਦੀ ਕਰੀਬ ਢਾਈ ਸਾਲ ਪਹਿਲਾ 6 ਦਸੰਬਰ 2019 ਨੂੰ ਮੌਤ ਹੋ ਚੁੱਕੀ ਹੈ ਤੇ ਉਸ ਦੀ ਮੌਤ ਦਾ ਸਰਟੀਫਿਕੇਟ ਵੀ ਪਰਿਵਾਰ ਕੋਲ ਮੌਜੂਦ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਮੁਖੀ ਹੁਸ਼ਿਆਰਪੁਰ ਅਤੇ ਐੱਸ.ਸੀ.ਕਮਿਸ਼ਨ ਚੰਡੀਗੜ੍ਹ ਨੂੰ ਗੜ੍ਹਸ਼ੰਕਰ ਪੁਲਿਸ ਵੱਲੋਂ ਦਰਜ ਮੁਕੱਦਮੇ 'ਚ ਆਪਣੇ ਮ੍ਰਿਤਕ ਪੁੱਤਰ ਦਾ ਦੋਸ਼ੀ ਵਜੋਂ ਝੂਠਾ ਨਾਂਅ ਸ਼ਾਮਿਲ ਕਰਨ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਸ ਨੂੰ ਸਮਾਜ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਇਸ ਦੀ ਪੜਤਾਲ ਕਿਸੇ ਗਜਟਿਡ ਅਫ਼ਸਰ ਤੋਂ ਕਰਨ ਦੀ ਮੰਗ ਕੀਤੀ।
ਉੱਥੇ ਹੀ ਇਸ ਸਬੰਧ ਦੇ ਵਿੱਚ ਦੀ ਐੱਸ.ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੀ ਇਤਲਾਹ ਦੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਤੋਂ ਸਿਆਸਤਦਾਨ, ਹੁਣ ਸਿਆਸਤਦਾਨ ਤੋਂ ਜੇਲ੍ਹ ’ਚ ਕਲਰਕ ਬਣੇ ਨਵਜੋਤ ਸਿੱਧੂ