ਹੁਸ਼ਿਆਰਪੁਰ: ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ। ਅੱਜ ਹੁਸ਼ਿਆਰਪੁਰ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ‘ਤੇ ਲਾਠੀਚਾਰਜ ਕੀਤਾ ਗਿਆ ਹੈ। ਜਿਸ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ ਹਨ।
ਦਰਅਸਲ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੰਗ ਪੱਤਰ ਦੇਣ ਲਈ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਕੋਠੀ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਦਾ ਮੰਗ ਪੱਤਰ ਨਹੀਂ ਲਿਆ ਗਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਗ੍ਰੀਨਵਿਊ ਪਾਰਕ ਤੋਂ ਲੈ ਕੇ ਸਦਰ ਚੌਂਕ ਤੱਕ ਰੋਸ ਮਾਰਚ ਕੱਢਿਆ ਸੀ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅੱਗੇ ਵਧਣ ਤੋਂ ਰੋਕ ਗਿਆ, ਇਸ ਮੌਕੇ ‘ਤੇ ਪੁਲਿਸ ਵੱਲੋਂ ਬੈਰੀਕੇਟਿੰਗ ਕਰਕੇ ਭਾਰੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਇਸ ਮੌਕੇ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਨੂੰ ਅੱਧੇ ਘੰਟੇ ਦਾ ਅਲਟੀਮੇਟਮ ਦੇ ਕੇ ਪ੍ਰਦਰਸ਼ਨਕਾਰੀ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਆਪਣੇ ਘਰ ‘ਚੋਂ ਨਿਕਲ ਕੇ ਬਾਹਰ ਨਾ ਆਏ, ਤਾਂ ਮੁਲਾਜ਼ਮਾਂ ਦਾ ਰੋਹ ਵੱਧ ਗਿਆ, ਤੇ ਉਨ੍ਹਾਂ ਵੱਲੋਂ ਬੈਰੀਕੇਟਿੰਗ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤੀ ਦਿਖਾਉਦੇ ਹੋਏ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕਰ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਵਿੱਚ ਰੱਜ ਕੇ ਧੱਕਾ ਮੁੱਕੀ ਵੀ ਹੋਈ।ਇਸ ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਮੁਲਾਜ਼ਮ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਲਾਠੀਚਾਰਜ ਵਿੱਚ ਕਈ ਪ੍ਰਦਰਸ਼ਨਕਾਰੀਆਂ ਦੀਆਂ ਦਸਤਾਰਾਂ ਵੀ ਉਤਰ ਗਈਆਂ ਹਨ।
ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਚਿੰਤਾਵਨੀ ਦਿੰਦੇ ਹੋਏ ਕਿਹਾ, ਕਿ ਅਸੀਂ ਪੰਜਾਬ ਸਰਕਾਰ ਦੇ ਖ਼ਿਲਾਫ਼ ਹੋਰ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਾਂਗੇ।
ਇਹ ਵੀ ਪੜ੍ਹੋ: ਲੁਧਿਆਣਾ: ਸਾਂਝਾ ਅਧਿਆਪਕ ਮੋਰਚੇ ਨੇ ਘੇਰੀ ਮੰਤਰੀ ਆਸ਼ੂ ਦੀ ਕੋਠੀ