ਨਿਊਜਰਸੀ: ਅਮਰੀਕਾ ਵਿੱਚ ਰਹਿ ਰਹੇ 36 ਸਾਲਾ ਪੰਜਾਬੀ ਨੌਜਵਾਨ ਸੁਰਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਹੁਸ਼ਿਆਰਪੁਰ ਵਿੱਚ ਟਾਂਡਾ ਦੇ ਪਿੰਡ ਗਿਲਜੀਆਂ ਦਾ ਰਹਿਣ ਵਾਲਾ ਸੀ।
ਦੱਸ ਦਈਏ ਨੌਜਵਾਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਰੂਟ 202 'ਤੇ ਸਥਿਤ ਇੱਕ ਭਾਰਤੀ ਰੈਸਟੋਰੈਂਟ 'ਮਸਾਲਾ ਹੱਟ' 'ਚ ਕੰਮ ਕਰਦਾ ਸੀ। ਇਸ ਦੇ ਚਲਦਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਸੁਰਿੰਦਰ ਸਿੰਘ ਕਰੀਬ 11 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਬੀਤੀ ਰਾਤ 8:15 ਵਜੇ ਰੈਸਟੋਰੈਂਟ ਤੋਂ ਪਿਜ਼ਾ ਲੈਣ ਲਈ ਪੈਦਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਉਸ ਵਿੱਚ ਇੱਕ ਅਮਰੀਕੀ ਕਾਰ ਵੱਜ ਗਈ। ਜਿਸ ਕਾਰਨ ਸੁਰਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੁਰਿੰਦਰ ਸਿੰਘ ਦੀ 13 ਸਾਲਾ ਲੜਕੀ ਤੇ 8 ਸਾਲਾ ਲੜਕਾ ਭਾਰਤ 'ਚ ਹੀ ਰਹਿੰਦੇ ਹਨ। ਸੁਰਿੰਦਰ ਦੀ ਦੁਖ਼ਦਾਈ ਖਬਰ ਸੁਣਦਿਆਂ ਇਲਾਕੇ ਵਿੱਚ ਮਾਤਮ ਛਾ ਗਿਆ ਹੈ।