ਹੁਸ਼ਿਆਰਪੁਰ: ਉੜਮੁੜ ਟਾਂਡਾ ਦਾਰਾਪੁਰ ਰੋਡ ਦੇ ਵਾਸੀ ਬਜ਼ੁਰਗ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਆਇਆ ਹੈ ਜਿਸ ਵਿੱਚ ਪ੍ਰਵਾਸੀ ਜੋੜੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੋਨੇ ਦੇ ਸਿੱਕੇ ਸਸਤੇ ਭਾਅ 'ਤੇ ਵੇਚਣ ਦੇ ਬਹਾਨੇ ਇਕ ਵਿਅਕਤੀ ਅਤੇ ਔਰਤ ਨੇ 4 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ। ਜਦੋਂ ਬਜ਼ੁਰਗ ਨੇ ਸੁਨਿਆਰੇ ਕੋਲੋਂ ਸਿੱਕੇ ਦੀ ਜਾਂਚ ਕਰਵਾਈ, ਤਾਂ ਉਹ ਨਕਲੀ ਸਿੱਕੇ ਨਿਕਲੇ। ਇਸ ਤੋਂ ਬਾਅਦ ਬਜ਼ੁਰਗ ਨੇ ਟਾਂਡਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਇੱਕ ਸਿੱਕਾ ਅਸਲੀ ਸੋਨੇ ਦਾ ਦੇ ਕੇ ਝਾਂਸੇ ਵਿੱਚ ਲਿਆ: ਪੀੜਤ ਰਣਜੀਤ ਸਿੰਘ ਵਾਸੀ ਟਾਂਡਾ ਉੜਮੁੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਪ੍ਰਵਾਸੀ ਜੋੜੇ ਵਲੋਂ ਪਹਿਲਾਂ ਹਰ ਰੋਜ਼ ਰਣਜੀਤ ਸਿੰਘ ਪਾਸੋਂ ਬਾਲਣ ਲਿਜਾਇਆ ਜਾਂਦਾ ਸੀ ਤੇ ਬਾਲਣ ਲਿਜਾਣ ਵਾਲਾ ਵਿਅਕਤੀ ਅਪਣਾ ਨਾਮ ਮੋਹਣ ਭਾਗਵਤ ਦੱਸਦਾ ਸੀ। ਉਹ ਅਪਣੇ ਆਪ ਨੂੰ ਕੋਠੀਆਂ ਵਿੱਚ ਟਾਇਲਾਂ ਲਗਾਉਣ ਦਾ ਠੇਕੇਦਾਰ ਦੱਸਦਾ ਸੀ। ਬੀਤੇ ਦਿਨ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਅਣਪਛਾਤੀ ਥਾਂ ਤੋਂ ਦੋ ਹਜ਼ਾਰ ਸਿੱਕੇ ਮਿਲ਼ੇ ਹਨ ਤੇ ਮੈਂ ਉਨ੍ਹਾਂ ਨੂੰ ਚੈੱਕ ਨਹੀਂ ਕਰਵਾ ਸਕਦਾ, ਕਿਉਂਕਿ ਮੈਂ ਪ੍ਰਵਾਸੀ ਹਾਂ ਤੇ ਇਕ ਸਿੱਕਾ ਉਸ ਨੇ ਮੈਨੂੰ ਦੇ ਦਿੱਤਾ।
ਜਦੋਂ 2 ਹਜ਼ਾਰ ਸਿੱਕਿਆਂ ਦੀ ਡੀਲ ਹੋਈ, ਤਾਂ ਠੱਗੀ ਮਾਰੀ: ਬਜ਼ੁਰਗ ਨੇ ਦੱਸਿਆ ਕਿ ਜਦੋਂ ਉਹ ਸਿੱਕਾ ਸੁਨਿਆਰੇ ਦੀ ਦੁਕਾਨ ਤੋਂ ਚੈਕ ਕਰਵਾਇਆ, ਤਾਂ ਉਹ ਸੋਨੇ ਦਾ ਨਿਕਲਿਆ ਤੇ ਸੁਨਿਆਰੇ ਨੇ ਉਸ ਦੀ ਕ਼ੀਮਤ ਅੱਠ ਹਜ਼ਾਰ ਰੁਪਏ ਦੱਸੀ ਸੀ। ਉਸ ਤੋਂ ਬਾਅਦ ਇਸੇ ਪ੍ਰਵਾਸੀ ਨਾਲ 4 ਲੱਖ 20 ਹਜ਼ਾਰ ਰੁਪਏ ਵਿਚ ਡੀਲ ਹੋਈ। ਉਸ ਨੇ ਪੈਸੇ ਲੈਕੇ ਦੋ ਹਜ਼ਾਰ ਸਿੱਕੇ ਦੇ ਦਿੱਤੇ, ਪਰ ਜਦੋਂ ਇਹ ਲੈ ਕੇ ਰਣਜੀਤ ਸਿੰਘ ਸੁਨਿਆਰੇ ਦੀ ਦੁਕਾਨ ਉੱਤੇ ਪਹੁੰਚਿਆਂ, ਤਾਂ ਉਸ ਨੇ ਦੱਸਿਆ ਕਿ ਇਹ ਸਾਰੇ ਸਿੱਕੇ ਨਕਲੀ ਹਨ। ਪੀੜਤ ਨੇ ਇਹ ਠੱਗੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਨੇ ਟਾਂਡਾ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤੀ ਹੈ। ਟਾਂਡਾ ਪੁਲਿਸ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰ ਰਹੀ ਹੈ।