ਹੁਸ਼ਿਆਰਪੁਰ: ਜੇਕਰ ਤੁਸੀ ਢੀਠ ਹੋ ਤਾਂ ਪਿੱਛੇ ਹੱਟਣ ਵਾਲਾ ਮੈਂ ਵੀ ਨਹੀਂ, ਸੁਧਰ ਜਾਉ ਨਹੀਂ ਤਾਂ ਮੈਂ ਸੁਧਾਰ ਲਵਾਂਗਾ। ਇਹ ਚਿਤਾਵਨੀ ਬੀਤੀ ਰਾਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਫੂਡ ਸਟਰੀਟ ਵਿਖੇ ਖਾਣ-ਪੀਣ ਦੀਆਂ ਵਸਤੂਆ ਵੇਚਣ ਵਾਲੇ ਰੇਹੜੀ ਵਾਲਿਆਂ ਨੂੰ ਦਿੱਤੀ ਹੈ। ਡਾ. ਲਖਵੀਰ ਆਪਣੀ ਫੂਡ ਸੇਫਟੀ ਟੀਮ ਨੂੰ ਲੈ ਕੇ ਅਚਨਚੇਤ ਚੈਕਿੰਗ ਕਰਨ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਫੂਡ ਸਟਰੀਟ ਦੀਆਂ ਰੇਹੜੀਆਂ ਦਾ ਜਾਇਜ਼ਾ ਲਿਆ।
ਸਖ਼ਤ ਕਾਰਵਾਈ ਦੀ ਚਿਤਾਵਨੀ: ਫੂਡ ਸੇਫਟੀ ਅਫ਼ਸਰ ਡਾ. ਲਖਵੀਰ ਸਿੰਘ ਨੇ ਫੂਡ ਸਟਰੀਟ 'ਤੇ ਕੰਮ ਕਰਨ ਵਾਲਿਆਂ ਨੂੰ ਸਾਫ਼-ਸਾਫ਼ ਸ਼ਬਦਾਂ 'ਚ ਆਖਿਆ ਗਿਆ ਕਿ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਜਦੋਂ ਵੀ ਕਿਸੇ ਵਿਅਕਤੀ ਨੂੰ ਕੁੱਝ ਵੀ ਖਾਣ ਨੂੰ ਦੇਣਾ ਹੈ ਤਾਂ ਟੋਪੀ, ਮਾਸਕ ਅਤੇ ਦਸਤਾਨੇ ਜ਼ਰੂਰ ਪਾਏ ਜਾਣ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾਵੇ।ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ 'ਚ ਕਿਸੇ ਨੇ ਅਣਗਿਹਲੀ ਕੀਤੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਵਾਇਨ ਫਲੂ ਦੇ 3 ਕੇਸ: ਇਸ ਮੌਕੇ ਡਾ. ਲ਼ਖਵੀਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਇਨਫੈਕਸ਼ਨ ਦੇ ਦਿਨ ਹਨ। ਇਸ ਲਈ ਆਮ ਲੋਕਾਂ ਨੂੰ ਖੰਘ, ਰੇਸ਼ਾ ਅਤੇ ਵਾਇਰਲ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਕਾਰਨ ਜ਼ਿਲੇ੍ਹ ਵਿੱਚ 3 ਕੇਸ ਸਵਾਇਨ ਫੂਲ ਦੇ ਵੀ ਸਾਹਮਣੇ ਆਏ ਹਨ।ਉਹਨਾਂ ਇਹ ਵੀ ਦੱਸਿਆ ਕੇ ਫੂਡ ਸਟਰੀਟ ਜਦੋਂ ਸ਼ੁਰੂ ਕੀਤੀ ਸੀ ਤਾਂ ਇਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ ਕਿ ਫੂਡ ਸੇਫਟੀ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਵੇ ਪਰ ਕੁਝ ਦਿਨ ਇਹਨ੍ਹਾਂ 'ਤੇ ਅਸਰ ਰਹਿੰਦਾ ਪਰ ਥੋੜੇ ਦਿਨਾਂ ਬਆਦ ਫਿਰ ਉਹੀ ਹਾਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਫੂਡ ਟੀਮ ਵੱਲੋਂ ਵੀ ਇਹਨਾਂ ਨੂੰ ਸੁਧਾਰ ਕੇ ਹੱਟਣ ਦਾ ਨਿਸਚਾ ਕੀਤਾ ਹੋਇਆ ਹੈ। ਲੋਕਾਂ ਨੂੰ ਮਿਆਰੀ ਖਾਣਾ ਦੇਣਾ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਹੈ ।
ਲੋਕਾਂ ਨੂੰ ਅਪੀਲ: ਇਸ ਮੌਕੇ ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਇਨ ਫਲੂ ਦੇ ਕੇਸ ਵੀ ਸਾਹਮਣੇ ਆ ਰਹੇ ਨੇ ਅਤੇ ਲੋਕਾਂ ਨੂੰ ਵਾਇਰਲ ਵੀ ਬਹੁਤ ਹੋ ਰਿਹਾ ਹੈ । ਉਹ ਜਦੋਂ ਇਹਨਾਂ ਕੋਲੋਂ ਕੋਈ ਖਾਣ-ਪੀਣ ਵਾਲੀ ਵਸਤੂ ਖਰੀਦਣ ਤਾਂ ਪਹਿਲਾ ਰੇਹੜੀ, ਢਾਬੇ ਅਤੇ ਦੁਕਾਨਦਾਰ 'ਤੇ ਫੂਡ ਸੇਫਟੀ ਲਾਈਸੈਂਸ ਕਾਪੀ ਲੱਗੀ ਹੋਣੀ ਚਾਹੀਦੀ ਹੈ। ਸਿਹਤ ਅਫ਼ਸਰ ਨੇ ਸਾਫ਼ ਸ਼ਬਦਾਂ 'ਚ ਆਖਿਆ ਕਿ ਸਿਰ 'ਤੇ ਟੋਪੀ, ਹੱਥਾਂ 'ਤੇ ਦਸਤਾਨੇ ਅਤੇ ਮੂੰਹ 'ਤੇ ਮਾਸਕ ਲੱਗੇ ਹੋਣੇ ਚਾਹੀਦੇ ਹਨ। ਜੇਕਰ ਇਹਨਾਂ ਕੋਲ ਇਹ ਸਮਾਨ ਨਹੀ ਤਾਂ ਇਹਨਾਂ ਤੋਂ ਸਮਾਨ ਨਾ ਖਰੀਦਿਆ ਜਾਵੇ । ਹਰ ਦੁਕਾਨਦਾਰ, ਰੇਹੜੀ, ਢਾਬੇ ਵਾਲੇ ਜੋ ਵੀ ਖਾਣ-ਪੀਣ ਦਾ ਸਮਾਨ ਬਣਾਕੇ ਵੇਚਦਾ ਨੇ ਉਸ ਕੋਲ ਲਾਈਸੈਂਸ ਜ਼ਰੂਰੀ ਹੈ ਨਹੀਂ ਤਾਂ ਵੱਡੇ ਪੱਧਰ 'ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।