ਹੁਸ਼ਿਆਰਪੁਰ:ਖੇਤੀ ਕਾਨੂੰਨਾਂ (Agricultural laws) ਨੂੰ ਲੈਕੇ ਕਿਸਾਨਾਂ ਚ ਭਾਜਪਾ ਖਿਲਾਫ਼ ਰੋਸ ਦੀ ਲਹਿਰ ਭਖਦੀ ਜਾ ਰਹੀ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਕਾਨੂੰਨਾਂ ਦੇ ਵਿਰੋਧ ਚ ਭਾਜਪਾ ਆਗੂਆਂ ਤੇ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨਾਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸੂਬੇ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜਬਰਦਸਤ ਵਿਰੋਧ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਤੇ ਕਿਸਾਨਾਂ ਦੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਦਿਖਾਈ ਦਿੱਤਾ।
ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਭਾਜਪਾ ਪ੍ਰਧਾਨ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਬੜੀ ਹੀ ਮੁਸ਼ਕਿਲ ਦੇ ਨਾਲ ਅਸ਼ਵਨੀ ਸ਼ਰਮਾ ਨੂੰ ਉੱਥੋਂ ਕੱਢਿਆ ਗਿਆ। ਕਿਸਾਨਾਂ ਨੇ ਭਾਜਪਾ ਆਗੂਆਂ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜਿੰਨ੍ਹਾਂ ਸਮਾਂ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਪਿੰਡ-ਪਿੰਡ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।
ਜਿਕਰਯੋਗ ਹੈ ਕਿ ਕਿਸਾਨਾਂ ਦੇ ਵੱਲੋਂ ਅਸ਼ਵਨੀ ਸ਼ਰਮਾ ਦਾ ਇਹ ਵਿਰੋਧ ਗੜ੍ਹਸ਼ੰਕਰ ਦੇ ਪਿੰਡ ਬੀਣੇਵਾਲ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਅਸ਼ਵਨੀ ਸ਼ਰਮਾ ਪਿੰਡ ਬੀਣੇਵਾਲ ਦੇ ਵਿੱਚ ਭੂਰੀਵਾਲੇ ਕੁਟੀਆ ਚ ਆਏ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਉਨ੍ਹਾਂ ਤੱਕ ਵੀ ਪਹੁੰਚ ਗਈ ਜਿਸਦੇ ਚੱਲਦੇ ਉਹ ਵੱਡੀ ਗਿਣਤੀ ਦੇ ਵਿੱਚ ਭਾਜਪਾ ਆਗੂ ਦਾ ਵਿਰੋਧ ਕਰਨ ਪਹੁੰਚੇ ਸਨ। ਕਿਸਾਨਾਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਕਾਨੂੰਨ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਹੋਰ ਵੀ ਸਖ਼ਤ ਫੈਸਲੇ ਲਏ ਜਾਣਗੇ ਜਿਸ ਦਾ ਖਮਿਆਜਾ ਕੇਂਦਰ ਸਰਕਾਰ ਤੇ ਸੂਬੇ ਦੇ ਵਿੱਚ ਭਾਜਪਾ ਨੂੰ ਝੱਲਣਾ ਪਵੇਗਾ।
ਇਹ ਵੀ ਪੜ੍ਹੋ:ਜਦੋਂ ਸ਼ਵੇਤ ਮਲਿਕ ਕੰਧ ਟੱਪ ਕੇ ਭੱਜਣ ਲਈ ਹੋਏ ਮਜ਼ਬੂਰ! ਵੀਡੀਓ ਵਾਇਰਲ