ਹੁਸ਼ਿਆਰਪੁਰ: ਕੋਰੋਨਾ ਦਰਮਿਆਨ ਪਿਛਲੇ 5 ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ। ਜਿਸ ਕਾਰਨ ਹਰ ਤਰ੍ਹਾਂ ਦੇ ਕੰਮਕਾਰ ਬੰਦ ਪਏ ਹਨ। ਇਸੇ ਨੂੰ ਲੈ ਕੇ ਹੁਸ਼ਿਆਰਪੁਰ ਦੇ ਡੀ.ਜੇ ਮਾਲਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਰਾਜ਼ਗੀ ਪ੍ਰਗਟਾਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੁਸ਼ਿਆਰਪੁਰ ਦੇ ਡੀ.ਜੇ ਮਾਲਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬਾਕੀ ਕੰਮਾਂ ਨੂੰ ਤਾਂ ਖੁੱਲ੍ਹ ਦੇ ਦਿੱਤੀ ਹੈ, ਪਰ ਡੀ.ਜੇ ਵਾਲਿਆਂ ਦੇ ਕੰਮ ਹਾਲੇ ਵੀ ਬੰਦ ਹਨ।ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਵਿਆਹ-ਸ਼ਾਦੀਆਂ ਦੇ ਪ੍ਰੋਗਰਾਮ ਵਿੱਚ 50 ਲੋਕਾਂ ਦੀ ਹਾਜ਼ਰੀ ਦੀ ਆਗਿਆ ਦਿੱਤੀ ਹੈ, ਉਸ ਨਾਲ ਉਨ੍ਹਾਂ ਨੂੰ ਕਾਰੋਬਾਰ ਵਿੱਚ ਕੁੱਝ ਆਸ ਬੱਝੀ ਸੀ, ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ 50 ਲੋਕਾਂ ਦੀ ਗਿਣਤੀ ਨੂੰ ਘਟਾ ਕੇ 30 ਕਰ ਦਿੱਤਾ, ਜਿਸ ਨਾਲ ਉਨ੍ਹਾਂ ਨੂੰ ਬਹੁਤ ਰੋਸ ਹੈ, ਕਿਉਂਕਿ ਕਈ ਪ੍ਰੋਗਰਾਮ ਬੁੱਕ ਹੋਏ ਸਨ, ਜੋ ਕਿ ਬਾਅਦ ਵਿੱਚ ਕੈਂਸਲ ਹੋ ਗਏ।
ਪੰਜਾਬ ਭਰ ਦੇ ਡੀ.ਜੇ ਮਾਲਕਾਂ ਨੇ ਫ਼ੈਸਲਾ ਕੀਤਾ ਹੈ ਕਿ 15 ਅਗਸਤ ਆਜ਼ਾਦੀ ਦਿਹਾੜੇ ਵਾਲੇ ਦਿਨ ਉਹ ਆਪਣਾ ਡੀ.ਜੇ. ਕਿਸੇ ਵੀ ਰਾਜਨੀਤਿਕ ਪਾਰਟੀ ਅਤੇ ਕਿਸੇ ਵੀ ਸਰਕਾਰੀ ਵਿਭਾਗ ਨੂੰ ਨਹੀਂ ਦੇਣਗੇ।