ਹੁਸ਼ਿਆਰਪੁਰ: ਨਿਗਮ ਦੇ ਅਧਿਕਾਰੀਆਂ ਨੇ 1 ਕੁਵਿੰਟਲ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਦੀ ਚੈਕਿੰਗ ਕੀਤੀ ਅਤੇ ਪਬੰਦੀ ਲੱਗੇ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਭਰਵਾਈਂ ਰੋਡ, ਆਦਮਵਾਲ ਰੋਡ, ਟਾਂਡਾ ਰੋਡ, ਹਰਿਆਣਾ ਰੋਡ, ਫ਼ਗਵਾੜਾ ਰੋਡ, ਸਬਜ਼ੀ ਮੰਡੀ, ਪ੍ਰਭਾਤ ਚੌਂਕ, ਹੀਰਾ ਕਲੋਨੀ ਅਤੇ ਭੰਗੀ ਪੁੱਲ ਦਾ ਦੌਰਾ ਕੀਤਾ ਅਤੇ ਵੱਖ ਵੱਖ ਦੁਕਾਨਾਂ ਤੋਂ ਪਲਾਸਟਿਕ ਲਿਫਾਫੇ ਕਬਜ਼ੇ ਵਿੱਚ ਲਏ। ਉਨ੍ਹਾਂ ਦੁਕਾਨਦਾਰਾਂ ਨੂੰ ਹਦਾਇਤ ਦਿੱਤੀ ਕਿ ਉਹ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨਾ ਕਰਨ। ਪਲਾਸਟਿਕ ਲਿਫਾਫਿਆਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟ ਕੇ ਮੌਕੇ 'ਤੇ ਹੀ ਜੁਰਮਾਨੇ ਕੀਤੇ ਜਾਣਗੇ।