ਹੁਸ਼ਿਆਰਪੁਰ: ਟਾਂਡਾ 'ਚ 6 ਸਾਲਾ ਬੱਚੀ ਨਾਲ ਹੋਈ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬਾਅਦ ਪੰਜਾਬ ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਆਈਪੀਐਸ ਅਧਿਕਾਰੀ ਰਜਿੰਦਰ ਸਿੰਘ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ। ਰਜਿੰਦਰ ਸਿੰਘ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਫਾਸਟ ਟਰੈਕ 'ਚ ਲਿਆਂਦਾ ਗਿਆ ਹੈ ਅਤੇ ਇਸੇ ਹਫ਼ਤੇ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਰਜਿੰਦਰ ਸਿੰਘ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਘਟਨਾ ਦੀ ਨਿਖੇਦੀ ਕੀਤੀ ਹੈ। ਇਸ ਦੇ ਨਾਲ ਹੀ ਰਜਿੰਦਰ ਸਿੰਘ ਨੇ ਇਸ ਘਟਨਾ 'ਚ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਜਾਇਜ਼ਾ ਵੀ ਲਿਆ ਹੈ।
ਰਜਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਪੀੜਤ ਪਰਿਵਾਰ ਨਾਲ ਸਰਕਾਰ ਵਲੋਂ ਕੀਤੇ ਵਾਅਦੇ ਸਮੇਂ ਸਿਰ ਪੂਰੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਪੀੜਤ ਪਰਿਵਾਰ ਨੂੰ ਪਿੰਡ ਵਿੱਚ ਪਲਾਟ ਦੇਣ ਦਾ ਵਾਅਦਾ ਇੱਕ ਮਹੀਨੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਕ ਮਹੀਨੇ ਵਿੱਚ ਪਰਿਵਾਰ ਨੂੰ ਪਲਾਟ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਰਜਿੰਦਰ ਸਿੰਘ ਨੇ ਪਰਿਵਾਰ ਨਾਲ ਇੱਕਲਿਆਂ 'ਚ ਵੀ ਗੱਲ ਕੀਤੀ ਅਤੇ ਕਿਹਾ ਕਿ ਪਰਿਵਾਰ ਨਾਲ ਜੋ ਗੱਲਾਂ ਕੀਤੀਆਂ ਗਈਆਂ ਹਨ ਉਸ ਨੂੰ ਪ੍ਰਸ਼ਾਸਨ ਤਕ ਜ਼ਰੂਰ ਪਹੁੰਚਾਇਆ ਜਾਵੇਗਾ।
ਦੱਸਣਯੋਗ ਹੈ ਕਿ ਟਾਂਡਾ 'ਚ ਪਰਵਾਸੀ ਪਰਿਵਾਰ ਦੀ 6 ਸਾਲਾ ਬੱਚੀ ਨਾਲ ਬਲਾਤਕਾਰ ਕਰ ਸਾੜਨ ਦੀ ਘਟਨਾ ਸਾਹਮਣੇ ਆਈ ਸੀ। ਜਿਸ 'ਤੇ ਸਿਆਸਤ ਵੀ ਭਖੀ ਹੋਈ ਹੈ। ਅਤੇ ਐਤਵਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਇਸ ਮਾਮਲੇ 'ਤੇ ਜਲਦ ਫ਼ੈਸਲਾ ਲੈਂਦਿਆਂ ਇਸ ਮਾਮਲੇ ਸਬੰਧੀ ਚਲਾਨ ਇਸੇ ਹਫ਼ਤੇ ਪੇਸ਼ ਕਰਨ ਦੀ ਗੱਲ ਆਖੀ ਸੀ।