ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟਾਂਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਕਾਂਗਰਸ ਦੇ ਮੰਤਰੀਆਂ ਕਰ ਕੇ ਹੀ ਵਿਕ ਰਿਹਾ ਹੈ।
ਅੰਮ੍ਰਿਤਸਰ ਵਿੱਚ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਣ ਬਾਰੇ ਬੀਬੀ ਜਗੀਰ ਕੌਰ ਨੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਨੇ ਪਹਿਲਾਂ ਅਕਾਲੀ ਦਲ ਨੂੰ ਨਸ਼ੇ ਦੇ ਮੁੱਦੇ 'ਤੇ ਬਦਨਾਮ ਕੀਤਾ ਸੀ ਪਰ ਨਸ਼ਾ ਤਾਂ ਹੁਣ ਵੀ ਫੜ੍ਹਿਆ ਜਾ ਰਿਹਾ ਹੈ, ਹੁਣ ਇਹ ਨਸ਼ਾ ਕੌਣ ਵਿਕਾ ਰਿਹਾ ਹੈ? ਇਹ ਨਸ਼ਾ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਕਹਿਣ ਤੇ ਹੀ ਵਿਕ ਰਿਹਾ ਹੈ।
ਇਸ ਦੌਰਾਨ ਦਿੱਲੀ ਚੋਣਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਵਿਧਾਇਕ ਬੀਬੀ ਜਗੀਰ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਚਾਹੁੰਦਾ ਤਾਂ ਉਹ ਆਪਣੇ ਬਲਬੂਤੇ ਤੇ ਹੀ ਦਿੱਲੀ ਵਿਧਾਨ ਸਭਾ ਚੋਣਾਂ ਲੜ ਸਕਦਾ ਸੀ।
ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਇਸ ਗੱਲ 'ਤੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਇੱਛਾ ਮੁਤਾਬਕ ਟਿਕਟਾਂ ਨਹੀਂ ਮਿਲੀਆਂ, ਜਿਸ ਕਾਰਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਗ ਨਾ ਲੈਣ ਦਾ ਮਨ ਬਣਾਇਆ ਸੀ ਪਰ ਇਹ ਗ਼ਲਤ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮਰੱਥ ਹਨ ਕਿ ਉਹ ਸਾਰੀਆਂ ਸੀਟਾਂ ਤੇ ਆਪਣੇ ਵਰਕਰਾਂ ਨੂੰ ਟਿਕਟਾਂ ਦੇ ਕੇ ਚੋਣਾਂ ਲੜ ਸਕਦੇ ਸੀ।