ਹੁਸ਼ਿਆਰਪੁਰ: ਸੂਬੇ 'ਚ ਲੱਗੇ ਕਰਫਿਊ ਦੌਰਾਨ ਹਰ ਸਹੂਲਤ ਤੱਕ ਲੋਕਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦਾ ਸਰਕਾਰ ਦਾ ਦਾਅਵਾ ਧੁੰਦਲਾ ਹੁੰਦਾ ਦਿਖਾਈ ਦੇ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਬਜਵਾੜਾ ਤੋਂ ਸਰਕਾਰ ਦੇ ਵਾਅਦਿਆਂ ਅਤੇ ਦਾਵਿਆਂ ਦੀ ਪੋਲ ਖੋਲਦੀ ਇੱਕ ਘਟਨਾ ਸਾਹਮਣੇ ਆਈ ਹੈ। ਪਿੰਡ 'ਚ ਰਹਿਣ ਵਾਲਾ ਦਿਹਾੜੀਦਾਰ ਅਤੇ ਜਾਣਕਾਰੀ ਤੋਂ ਸੱਖਣਾ ਬੇਵੱਸ ਪਿਤਾ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ ਉਸ ਨੂੰ ਰੇਹੜੀ 'ਤੇ ਲੈ ਹਸਪਤਾਲ ਪਹੁੰਚਿਆ ਹੈ।
ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਦਿਹਾੜੀਦਾਰ ਮਜ਼ਦੂਰ ਹੈ ਅਤੇ ਪਿਛਲੇ ਡੇਢ ਮਹੀਨੇ ਤੋਂ ਘਰ ਵਿਹਲਾ ਬੈਠਾ ਹੈ ਜਿਸ ਕਾਰਨ ਘਰ ਦਾ ਖ਼ਰਚ ਮੁਸ਼ਕਲ ਨਾਲ ਚਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚੇ ਲਈ ਡਾਕਟਰ ਵੱਲੋਂ ਦੱਸਿਆ ਗਿਆ ਇਲਾਜ ਬਹੁਤ ਹੀ ਮਹਿੰਗਾ ਹੈ ਜੋ ਕਿ ਗ਼ਰੀਬ ਦੀ ਪਹੁੰਚ ਤੋਂ ਬਾਹਰ ਹੈ। ਉਸ ਨੇ ਕਿਹਾ ਕਿ ਉਸ ਨੂੰ ਐਂਬੁਲਐਸ ਸੰਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਉਹ ਬੱਚੇ ਨੂੰ ਰੇੜੇ 'ਤੇ ਹੀ ਲੈ ਕੇ ਹਸਪਤਾਲ ਪਹੁੰਚਿਆ ਹੈ।
ਪਿੰਡ ਬਜਵਾੜਾ ਦੀ ਇਹ ਘਟਨਾ ਜਿੱਥੇ ਸਰਕਾਰ ਦੀ ਕਾਰਜਸ਼ੈਲੀ 'ਤੇ ਕਈ ਸਵਾਲ ਖੜ੍ਹੇ ਕਰਦੀ ਹੈ ਉੱਥੇ ਹੀ ਸਰਕਾਰ ਵੱਲੋਂ ਜਾਰੀ ਸਿਹਤ ਸਹੂਲਤਾਵਾਂ ਜ਼ਮੀਨੀ ਪੱਧਰ 'ਤੇ ਲੋਕਾਂ ਤਕ ਨਾ ਪਹੁੰਚਣ ਦਾ ਸੰਕੇਤ ਵੀ ਦਿੰਦੀ ਹੈ। ਇਸ ਤਰ੍ਹਾਂ ਕੋਵਿਡ-19 ਕਾਰਨ ਸੂਬੇ ਭਰ 'ਚ ਲੱਗੇ ਕਰਫਿਊ ਦੌਰਾਨ ਸਰਕਾਰਾਂ ਭਾਵੇਂ ਜਨਤਾ ਦੀਆਂ ਹਰ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਦਮ ਭਰਦੀਆਂ ਹਨ ਪਰ ਦੂਜੇ ਪਾਸੇ ਅਜਿਹੀਆਂ ਖ਼ਬਰਾਂ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦੀਆਂ ਨਜ਼ਰ ਆਉਂਦੀਆਂ ਹਨ।