ਗੁਰਦਾਸਪੁਰ: ਪਿੰਡ ਤਲਵਾੜਾ ਤੋਂ ਗੁਆਂਢੀਆਂ ਵੱਲੋਂ ਅਮ੍ਰਿਤਧਾਰੀ ਮਹਿਲਾ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੱਝਾਂ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਝਗੜਾ ਹੋਇਆ ਜਿਸ ਦੌਰਾਨ ਗੁਆਂਢੀਆਂ ਨੇ ਪਹਿਲਾਂ ਮਹਿਲਾ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਦੇ ਪਤੀ ਦੀ ਪਗੜੀ ਉਤਾਰ ਦਿੱਤੀ ਗਈ।
ਇਸ ਕੁੱਟਮਾਰ ਦੌਰਾਨ ਪੀੜਤਾ ਦੀ ਧੀ ਨੇ ਘਰ ਦੀ ਛੱਤ 'ਤੇ ਚੜ੍ਹ ਕੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ। ਇਹ ਵੀਡੀਓ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਦੋਸ਼ੀ ਪਰਿਵਾਰ ਦੇ 6 ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਜਿਸ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੈਂਬਰ ਫਰਾਰ ਹੈ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤਾ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਘਰ ਦੇ ਬਾਹਰ ਪਸ਼ੂਆਂ ਦਾ ਮਿਲਣ ਕਰਵਾ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਇਹ ਸਭ ਕਰਨ ਤੋ ਰੋਕਿਆਂ ਤਾਂ ਉਨ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮਾਮਲੇ 'ਚ ਬਟਾਲਾ ਪੁਲਿਸ ਦੇ ਐੱਸਪੀ ਹੇਡਕੁਆਟਰ ਨੇ ਦੱਸਿਆ ਕਿ ਪੀੜਤ ਮਨਿੰਦਰ ਕੌਰ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਘਰੋਂ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।