ਗੁਰਦਾਸਪੁਰ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸੁਧਾਰ ਕਾਨੂੰਨ ਵਿਰੁੱਧ ਗ੍ਰਾਮ ਪੰਚਾਇਤਾਂ ਵੱਲੋਂ ਮਤੇ ਪਾਏ ਜਾਣ ਦੀ ਕੜੀ ਤਹਿਤ ਜ਼ਿਲ੍ਹੇ ਦੇ ਪਿੰਡ ਭੋਲੇਕੇ ਵਿਖੇ ਸਹਿਮਤੀ ਨਾਲ ਮਤਾ ਪਾਇਆ ਗਿਆ।
ਜੋਗਾ ਸਿੰਘ ਪੰਚਾਇਤ ਸੈਕਟਰੀ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਪਿੰਡ ਵਿੱਚ ਇਕੱਠ ਕਰਕੇ ਸ਼ਨੀਵਾਰ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਗ੍ਰਾਮ ਸਭਾ ਵਿੱਚ ਸਮੂਹ ਮੈਂਬਰਾਂ ਨੇ ਸ਼ਾਮਲ ਹੋ ਕੇ ਸਰਬਸੰਮਤੀ ਨਾਲ ਇਕੱਠ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਮਤਾ ਪਾਸ ਕਰਦੇ ਹੋਏ ਇਨ੍ਹਾਂ ਕਾਲੇ ਕਾਨੂੰਨਾਂ ਵਿਰੁਧ ਅਦਾਲਤ ਦਾ ਰਸਤਾ ਅਪਨਾਉਣ ਦਾ ਐਲਾਨ ਕੀਤਾ।
ਪਿੰਡ ਭੋਲੇਕੇ ਦੇ ਰਹਿਣ ਵਾਲੇ ਮਨਜੀਤ ਸਿੰਘ ਅਤੇ ਰਣਜੀਤ ਕੌਰ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪਿੰਡ ਵਿੱਚ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ ਅਤੇ ਉਸ ਵਿਰੁੱਧ ਖੇਤੀ ਕਾਨੂੰਨਾਂ ਦਾ ਵਿਰੋਧ ਪ੍ਰਗਟਾਉਂਦੇ ਹੋਏ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨ ਅਤੇ ਹੋਰ ਵਰਗਾਂ ਦਾ ਨੁਕਸਾਨ ਹੋਵੇਗਾ ਅਤੇ ਸਿੱਧੇ ਤੌਰ 'ਤੇ ਕੰਪਨੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਸੰਘਰਸ਼ ਦੇ ਨਾਲ-ਨਾਲ ਪੰਜਾਬ ਦੀਆਂ ਸਾਰੀਆਂ ਪੰਚਾਇਤ ਨੂੰ ਇਕਜੁਟ ਹੋ ਕੇ ਹਰ ਪੰਚਾਇਤ ਗ੍ਰਾਮ ਸਭਾ ਇਜਲਾਸ ਕਰ ਕੇ ਉਨ੍ਹਾਂ ਦੀ ਤਰ੍ਹਾਂ ਮਤੇ ਪਾਉਣ ਅਤੇ ਇਕੱਠੇ ਤੌਰ 'ਤੇ ਅਦਾਲਤ ਦਾ ਰਸਤਾ ਅਪਣਾਇਆ ਜਾ ਸਕੇ।