ਬਟਾਲਾ: ਸ਼ਹਿਰ ਦੇ ਪਿੰਡ ਹਰਪੁਰਾ ’ਚ ਉਸ ਵੇਲੇ ਮਾਮਲਾ ਤਣਾਅਪੂਰਨ ਹੋ ਗਿਆ ਜਦੋ ਕੁਝ ਲੋਕਾਂ ਨੇ ਮ੍ਰਿਤ ਦੇਹ ਨੂੰ ਸੜਕ ’ਤੇ ਰੱਖ ਕੇ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਹੈ ਕਿ ਮਹਿਜ਼ 500 ਰੁਪਏ ਦੇ ਲੈਣ ਦੇਣ ਦੇ ਝਗੜੇ ਨੂੰ ਸੁਲਝਾਉਣ ਸਮੇਂ ਇਕ ਧਿਰ ਵੱਲੋਂ ਬਲਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਬਲਵਿੰਦਰ ਸਿੰਘ ਜ਼ਖਮੀ ਹੋ ਗਿਆ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਸੀ ਪੂਰਾ ਮਾਮਲਾ
ਪਿੰਡ ਹਰਪੁਰਾ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਇਕ ਧਿਰ ਦਾ ਮਹਿਜ਼ 500 ਰੁਪਏ ਦਾ ਝਗੜਾ ਸੀ ਜਦੋਂ ਉਸਦੇ ਪਿਤਾ ਬਲਵਿੰਦਰ ਸਿੰਘ ਝਗੜਾ ਸੁਲਝਾਉਣ ਦੀ ਗੱਲ ਕੀਤੀ ਤਾਂ ਦੂਜੀ ਧਿਰ ਵਲੋਂ ਉਹਨਾਂ ’ਤੇ ਹਮਲਾ ਕਰ ਦਿਤਾ ਗਿਆ ਅਤੇ ਉਸਦੇ ਪਿਤਾ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਜਿਸ ਦੇ ਚਲਦੇ ਗੰਭੀਰ ਹਾਲਤ ’ਚ ਬਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਪੁਲਿਸ ਅਤੇ ਆਰੋਪੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਇਨਸਾਫ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀ ਪਰਿਵਾਰ ਦਾ ਅਕਾਲੀ ਦਲ ਦੇ ਲੀਡਰ ਦੇ ਰਹੇ ਸਾਥ
ਇਸ ਪ੍ਰਦਰਸ਼ਨ ’ਚ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਅਕਾਲੀ ਦਲ ਪਾਰਟੀ ਦੇ ਸਥਾਨਕ ਲੀਡਰਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਬਲਵਿੰਦਰ ਸਿੰਘ ’ਤੇ ਹਮਲਾ ਕਰਨ ਵਾਲੇ ਪਿੰਡ ਦੇ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ ਜਿਸ ਕਾਰਨ ਪੁਲਿਸ ਵੱਲੋਂ ਉਨ੍ਹਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਵੀਸੀ ਦਫਤਰ ਬਾਹਰ ਕੁੜਾ ਸੁੱਟ ਸਫਾਈ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ
ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ
ਉਧਰ ਇਸ ਮਾਮਲੇ ’ਚ ਆਲਾ ਅਧਿਕਾਰੀਆਂ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਨ ਦੀ ਗੱਲ ਆਖੀ ਗਈ। ਇਸ ਮੌਕੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਕੋਲੋਂ ਲਿਖਤੀ ਸ਼ਿਕਾਇਤ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਪੋਸਟਮਾਰਟਮ ਰਿਪੋਰਟ ਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।