ਗੁਰਦਾਸਪੁਰ : ਆਪਣੇ ਦੇਸ਼ ਵਿਚੋਂ ਜਦੋਂ ਪੜ੍ਹੇ-ਲਿਖੇ ਤੇ ਮਿਹਨਤੀ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਅੱਕ-ਹਾਰ ਕੇ ਉਨ੍ਹਾਂ ਵੱਲੋਂ ਵਿਦੇਸ਼ਾਂ ਦਾ ਰਾਹ ਚੁਣਿਆ ਜਾਂਦਾ ਹੈ। ਵਿਦੇਸ਼ਾਂ ਵਿਚ ਹੱਡ-ਤੋੜਵੀਂ ਮਿਹਨਤਾਂ ਦੌਰਾਨ ਸਿਹਤ ਵੀ ਕੋਈ ਬਹੁਤੀ ਤੰਦਰੁਸਤ ਨਹੀਂ ਰਹਿੰਦੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਪਿੰਡ ਢੇਸੀਆਂ ਤੋਂ ਜਿਥੋਂ ਦਾ ਇਕ 25 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ, ਜੋ ਕਿ ਚਾਰ ਸਾਲ ਪਹਿਲਾਂ ਵਿਦੇਸ਼ (ਜੋਰਡਨ) ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਅਤੇ ਕਿਸੇ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਣ ਕਾਰਨ ਇਹ ਨੌਜਵਾਨ ਪਿਛਲੇ 5 ਦਿਨਾਂ ਤੋਂ ਕੋਮਾ ਵਿੱਚ ਹੈ। ਪਿੱਛੇ ਪੰਜਾਬ ਵਿਚ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਵੱਲੋਂ ਆਪਣੇ ਪੁੱਤਰ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਤੋਂ ਮਦਦ ਦੀ ਫਰਿਆਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Ram Rahim Online Satsang In Bathinda : ਯੂਪੀ ਤੋਂ ਔਨਲਾਈਨ ਸੰਬੋਧਨ ਕਰੇਗਾ ਰਾਮ ਰਹੀਮ, ਪੁਲਿਸ ਦੇ ਪਹਿਰੇ 'ਚ ਹੋਵੇਗਾ ਵਰਚੂਅਲ ਸਤਿਸੰਗ
ਪਰਿਵਾਰ ਦੀ ਪੰਜਾਬ ਸਰਕਾਰ ਪਾਸੋਂ ਮਦਦ ਦੀ ਅਪੀਲ : ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਹੀ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਵਿਚ ਕਿਸੇ ਹਸਪਤਾਲ ਵਿਚ ਦਾਖਲ ਹੈ। ਉਸ ਦੀ ਵੀਡੀਓ ਕਿਸੇ ਵੱਲੋਂ ਪਰਿਵਾਰ ਨੂੰ ਭੇਜੀ ਗਈ ਜਿਸ ਨੂੰ ਦੇਖ ਕੇ ਪਰਿਵਾਰ ਵਿੱਚ ਪਰੇਸ਼ਾਨੀ ਦਾ ਮਾਹੌਲ ਪੈਦਾ ਹੋ ਗਿਆ। ਇਸ ਵੀਡੀਓ ਵਿੱਚ ਹੀ ਦੱਸਿਆ ਗਿਆ ਕਿ ਉਨ੍ਹਾਂ ਦਾ ਬੇਟਾ ਕੋਮਾ ਵਿੱਚ ਚਲਾ ਗਿਆ ਹੈ। ਉੱਥੇ ਹੀ ਨੌਜਵਾਨ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਕਿ ਉਨ੍ਹਾਂ ਬੇਟੇ ਨੂੰ ਜਲਦ ਤੋਂ ਜਲਦ ਪੰਜਾਬ ਉਨ੍ਹਾਂ ਦੇ ਪਿੰਡ ਢੇਸੀਆ ਲਿਆਂਦਾ ਜਾਵੇ ਤਾਂ ਜੋ ਉਹ ਉਸਦਾ ਇੱਥੇ ਸਹੀ ਇਲਾਜ ਕਰਵਾ ਸਕਣ।
4 ਸਾਲ ਪਹਿਲਾਂ ਵਿਦੇਸ਼ ਗਿਆ ਸੀ ਨੌਜਵਾਨ : ਇਸ ਮੌਕੇ ਪਿੰਡ ਦੇ ਸਰਪੰਚ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਕਤ ਨੌਜਵਾਨ 4 ਸਾਲ ਪਹਿਲਾਂ ਜੋਰਡਨ ਗਿਆ ਸੀ। ਕਾਫੀ ਸਮਾਂ ਉਕਤ ਪਰਿਵਾਰ ਨਾਲ ਗੱਲ-ਬਾਤ ਨਹੀਂ ਹੋਈ ਅਚਾਨਕ ਵਿਦੇਸ਼ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦਾ ਲੜਕਾ ਕਾਫੀ ਗੰਭੀਰ ਸਥਿਤੀ ਵਿਚ ਹਸਪਤਾਲ ਵਿਖੇ ਦਾਖਲ ਹੈ। ਉਕਤ ਲੜਕੇ ਦੇ ਨਾਲ ਇਕ ਹੋਰ ਨੌਜਵਾਨ ਵੀ ਸ਼ਾਮਲ ਸੀ, ਜਿਸ ਦੀ ਮੌਤ ਹੋ ਗਈ। ਸਰਪੰਚ ਦਾ ਕਹਿਣਾ ਹੈ ਕਿ ਮੈਂ ਸਰਕਾਰ ਪਾਸੋਂ ਮੰਗ ਕਰਾਂਗਾ ਕਿ ਪਰਿਵਾਰ ਦਾ ਸਹਾਇਤਾ ਕੀਤੀ ਜਾਵੇ।