ਗੁਰਦਾਸਪੁਰ: ਮਾਂ-ਬਾਪ ਸਾਡੀ ਜ਼ਿੰਦਗੀ ਦਾ ਉਹ ਅਨਮੋਲ ਹਿੱਸਾ ਹਨ, ਜੋ ਸਾਡੀ ਹਰ ਖ਼ਵਾਹਿਸ਼ ਨੂੰ ਪੂਰਾ ਕਰਦੇ ਹਨ। ਆਪਣੇ ਚਾਅ ਮਾਰ ਕੇ ਬੱਚਿਆਂ ਦੀ ਖੁਸ਼ੀਆਂ ਬਾਰੇ ਸੋਚਦੇ ਹਨ। ਜਦੋਂ ਮਾਂ-ਬਾਪ ਨੂੰ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਨ੍ਹਾਂ ਦਾ ਵਰਤਾਅ ਕਿਸ ਹੋਰ ਤਰ੍ਹਾਂ ਦਾ ਹੁੰਦਾ ਹੈ ਜਿਸ ਬਾਰੇ ਬਿਰਧ ਆਸ਼ਰਮ 'ਚ ਰਹਿ ਰਹੇ ਨਿਰਮਲ ਸਿੰਘ ਤੇ ਕਮਲੇਸ਼ ਰਾਣੀ ਨੇ ਦੱਸਿਆ।
ਆਪਣੀ ਹੱਡਬੀਤੀ ਦੱਸਦਿਆਂ ਨਿਰਮਲ ਸਿੰਘ ਅਤੇ ਕਮਲੇਸ਼ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਹਨ ਜਿਨ੍ਹਾਂ ਵਿਚੋਂ ਇੱਕ ਜਲੰਧਰ ਰਹਿੰਦਾ ਹੈ ਤੇ ਇੱਕ ਪਠਾਨਕੋਟ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਪਰਿਵਾਰ ਸਮੇਤ ਜਲੰਧਰ ਰਹਿੰਦੇ ਸਨ ਤੇ ਮਿਹਨਤ ਮਜ਼ਦੂਰੀ ਕਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਤੇ ਕੰਮ 'ਤੇ ਲਗਾਇਆ।
ਉਨ੍ਹਾਂ ਦੱਸਿਆ ਕਿ ਵੱਡੇ ਪੁੱਤਰ ਦੇ ਵਿਆਹ ਤੋਂ ਬਾਅਦ ਉਹ ਸਾਨੂੰ ਛੱਡ ਕੇ ਚਲਾ ਗਿਆ ਤੇ ਦੂਜਾ ਵਿਆਹ ਤੋਂ ਬਾਅਦ ਪਠਾਨਕੋਟ ਆ ਗਿਆ। ਦੋਹਾਂ ਨੇ ਮਿਲ ਕੇ ਜਲੰਧਰ ਵਾਲਾ ਮਕਾਨ ਵੇਚ ਦਿੱਤਾ ਤੇ ਛੋਟੇ ਪੁੱਤਰ ਨੇ ਉਨ੍ਹਾਂ ਨੂੰ ਪਠਾਨਕੋਟ ਬੁਲਾ ਲਿਆ। 2 ਮਹੀਨੇ ਉਸ ਕੋਲ ਰਹੇ ਤੇ ਉਸ ਤੋਂ ਬਾਅਦ ਨੂੰਹ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਨਿਰਮਲ ਸਿੰਘ ਅਤੇ ਕਮਲੇਸ਼ ਰਾਣੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਨੂੰ ਰੋਟੀ ਦੇਣੀ ਬੰਦ ਕਰ ਦਿੱਤੀ ਤੇ ਘਰ ਵਿੱਚ ਰੋਜ਼ ਲੜਾਈ ਕਰਨ ਲੱਗ ਗਏ। ਪੁੱਤਰ ਨੇ ਉਨ੍ਹਾਂ ਨੂੰ ਇਕ ਕਿਰਾਏ 'ਤੇ ਕਮਰਾ ਲੈ ਕੇ ਦੇ ਦਿੱਤਾ। ਇਸ ਤੋਂ ਬਾਅਦ ਦੋਵੇਂ ਮੀਆਂ ਬੀਵੀ ਉੱਥੇ ਰਹਿਣ ਲੱਗ ਪਏ। ਕਈ-ਕਈ ਦਿਨ ਉਹ ਦੋਵੇਂ ਭੁੱਖੇ ਰਹਿੰਦੇ ਰਹੇ। ਆਸ-ਪਾਸ ਦੇ ਲੋਕਾਂ ਨੇ ਬਜ਼ੁਰਗਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਬਿਰਧ ਆਸ਼ਰਮ ਲੈ ਕੇ ਆ ਗਏ।
ਜਦੋਂ ਇਸ ਜੋੜੇ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਹ ਆਪਣੇ ਬੱਚਿਆਂ ਕੋਲ ਵਾਪਿਸ ਜਾਣਾ ਚਾਹੁਣਗੇ? ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਭਾਵੇਂ ਸੋਨੇ ਦੇ ਵੀ ਬਣ ਜਾਣ ਤਾਂ ਵੀ ਉਹ ਆਪਣੇ ਬੱਚਿਆਂ ਕੋਲ ਨਹੀਂ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਸਸਕਾਰ ਕਰਨ ਦਾ ਹੱਕ ਵੀ ਉਨ੍ਹਾਂ ਦੇ ਬੱਚਿਆਂ ਨੂੰ ਨਾਂ ਦਿੱਤਾ ਜਾਵੇ।
ਸਿਆਣੇ ਆਖ਼ਦੇ ਹਨ ਪੁੱਤ ਕਪੁੱਤ ਹੋ ਸਕਦੇ ਹਨ ਪਰ ਮਾਪੇ ਕਦੀ ਕੁਮਾਪੇ ਨਹੀਂ ਹੋ ਸਕਦੇ। ਬੱਚਿਆਂ ਨੇ ਲੱਖ ਮਾੜਾ ਕੀਤਾ ਹੋਵੇ ਪਰ ਨਿਰਮਲ ਸਿੰਘ ਤੇ ਕਮਲੇਸ਼ ਰਾਣੀ ਨੇ ਆਪਣੇ ਬੱਚਿਆਂ ਨੂੰ ਅਸੀਸਾਂ ਹੀ ਦਿੱਤੀਆਂ।