ਗੁਰਦਾਸਪੁਰ: ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ, ਪਰ ਇਸਦੇ ਬਾਵਜੂਦ ਵੀ ਪੰਜਾਬ 'ਚ ਲਗਾਤਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ (Stubble Burning in punjab) ਜਾਰੀ ਹੈ। ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਵੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿਚਲੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਦੂਜੇ ਪਾਸੇ, ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਰਾਲੀ ਨੂੰ ਸੰਭਾਲਣ ਲਈ ਕੋਈ ਢੁੱਕਵੇਂ ਪ੍ਰਬੰਧ ਨਹੀਂ ਕੀਤੇ ਅਤੇ ਨਾ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਸ ਲਈ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਪਰਾਲੀ ਨਾ ਜਲਾਉਣ ਲਈ ਮੁਆਵਜ਼ਾ ਮਿਲ ਰਿਹਾ ਹੈ ਅਤੇ ਨਾ ਹੀ ਅਜੇ ਤੱਕ ਉਨ੍ਹਾਂ ਦੇ ਕੋਲ ਪਰਾਲੀ ਨੂੰ ਸਾਂਭਣ ਲਈ ਕੋਈ ਸੰਦ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਰਫ਼ ਆਪਣੇ ਚਹੇਤਿਆਂ ਨੂੰ ਅਤੇ ਵੱਡੇ ਜ਼ਿਮੀਂਦਾਰਾਂ ਨੂੰ ਇਸ ਸੰਦ ਸਬਸਿਡੀ 'ਤੇ ਦਿੱਤੇ ਹਨ ਜਿਸ ਲਈ ਛੋਟਾ ਕਿਸਾਨ ਅੱਜ ਵੀ ਖੇਤਾਂ ਵਿੱਚ ਅੱਗ ਲਗਾਉਣ ਲਈ ਮਜਬੂਰ ਹੈ।
ਅੱਜ ਵੀ ਕਈ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ ਅਤੇ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਕਿਸੇ ਤਰ੍ਹਾਂ ਦੀ ਸਖ਼ਤੀ ਤੋਂ ਨਹੀਂ ਡਰਨਗੇ ਅਤੇ ਜੇਕਰ ਉਨ੍ਹਾਂ ਨੂੰ ਕੋਈ ਢੁੱਕਵਾਂ ਢੰਗ ਨਾ ਲੱਭਿਆ ਤਾਂ ਉਹ ਆਪਣੇ ਖੇਤਾਂ ਵਿੱਚ ਅੱਗ ਜ਼ਰੂਰ ਲਗਾਉਣਗੇ ਅਤੇ ਜੇਕਰ ਸਰਕਾਰ ਉਨ੍ਹਾਂ ਦੇ ਉੱਪਰ ਪਰਚੇ ਦਰਜ ਕਰੇਗੀ ਤਾਂ ਉਹ ਸਰਕਾਰ ਦਾ ਵੱਡੇ ਪੱਧਰ 'ਤੇ ਵਿਰੋਧ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਗਾਤਾਰ ਇਹ ਕੋਸ਼ਿਆਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਾ ਸਾੜਨ ਤਾਂ ਜੋ ਇਸ ਦੇ ਧੂੰਏ ਦੇ ਨਾਲ ਪ੍ਰਦੂਸ਼ਣ ਨਾ ਫੈਲ ਸਕੇ।ਇਸ ਲਈ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਦੀਆਂ ਕੋਸ਼ਿਸ਼ਾਂ ਤਹਿਤ ਅੱਜ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਪਰਾਲੀ ਸਾੜੇ ਜਾਣ ਵਾਲੇ ਸੰਭਾਵਿਤ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਉੱਤੇ ਕਾਬੂ ਪਾਊਣ ਦੇ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਇਹ ਵੀ ਪੜ੍ਹੋ: ਪਰਾਲੀ ਨੂੰ ਅੱਗ ਨਾ ਲਾਉਣ ਲਈ ਨੰਬਰਦਾਰ ਕਿਸਾਨਾਂ ਨੂੰ ਕਰਨਗੇ ਜਾਗਰੂਕ