ਗੁਰਦਾਸਪੁਰ: ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਚੋੜੇ ਵਿਖੇ ਦੋ ਨੌਜਵਾਨ ਪੁੱਤਰ ਮਾਨਸਿਕ ਤੌਰ ਤੇ ਬਿਮਾਰ ਹਨ ਅਤੇ ਇੱਕ ਪੁੱਤਰ ਨੂੰ ਸੰਗਲਾ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਨੌਜਵਾਨਾਂ ਦਾ ਪਿਤਾ ਬਲਦੇਵ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਹੁਣ ਆਪਣੇ ਪੁੱਤਰਾਂ ਦਾ ਇਲਾਜ ਕਰਵਾਉਣ ਤੋਂ ਵੀ ਅਸਮਰਥ ਹੈ ।
ਇਸ ਮੌਕੇ ਬਲਦੇਵ ਸਿੰਘ ਪਿੰਡ ਚੋੜੇ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਕਮਲਜੀਤ ਸਿੰਘ ਉਮਰ 30 ਸਾਲ ਕਾਫੀ ਸਾਲ ਪਹਿਲਾਂ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੀ ।ਉਨ੍ਹਾਂ ਦੱਸਿਆ ਕਿ ਫਿਰ ਉਸਦੀ ਅੰਮ੍ਰਿਤਸਰ ਤੋਂ ਦਵਾਈ ਚਲਾਈ ਗਈ ਸੀ ਜਿਸ ਤੋਂ ਬਾਅਦ ਉਹ ਠੀਕ ਹੋ ਗਿਆ ਸੀ, ਪਰ ਥੋੜ੍ਹੇ ਸਮੇਂ ਬਾਅਦ ਫਿਰ ਮਾਨਸਿਕ ਤੌਰ ‘ਤੇ ਬਿਮਾਰ ਹੋ ਗਿਆ ਤੇ ਅੱਜ ਤੱਕ ਠੀਕ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਵੱਡੇ ਮੁੰਡੇ ਦੇ ਮਾਨਸਿਕ ਤੌਰ ‘ਤੇ ਬਿਮਾਰ ਹੋਣ ਤੋਂ 2 ਸਾਲ ਬਾਅਦ ਛੋਟਾ ਮੁੰਡਾ ਗੁਰਦਿਆਲ ਸਿੰਘ ਉਮਰ 28 ਸਾਲ ਵੀ ਮਾਨਸਿਕ ਤੌਰ ‘ਤੇ ਬਿਮਾਰ ਹੋ ਗਿਆ ਤੇ ਉਹ ਵੀ ਅੱਜ ਤੱਕ ਠੀਕ ਨਹੀਂ ਹੋਇਆ।
ਬਲਦੇਵ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਦੋਨੋਂ ਲੜਕਿਆਂ ਦਾ ਬਹੁਤ ਇਲਾਜ ਕਰਵਾਇਆ ਹੈ। ਬਲਦੇਵ ਸਿੰਘ ਜੋ ਕਿ ਅਖਬਾਰ ਵੰਡਣ ਦਾ ਕੰਮ ਕਰਦਾ ਹੈ ਅਤੇ ਆਮਦਨ ਵੀ ਸੀਮਿਤ ਹੀ ਹੈ। ਬਲਦੇਵ ਸਿੰਘ ਨੇ ਕਿਹਾ ਕਿ ਉਸ ਦੀ ਉਮਰ ਵੀ ਹੁਣ ਕਾਫੀ ਹੋ ਗਈ ਹੈ ਜਿਸ ਕਰਕੇ ਉਹ ਹੁਣ ਆਪਣੇ ਪੁੱਤਰਾਂ ਦਾ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਸੰਭਾਲੇ ਨਹੀਂ ਜਾ ਰਹੇ ਕਿਉਂਕਿ ਛੋਟੇ ਲੜਕੇ ਨੂੰ ਸੰਗਲਾ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ ਨਹੀਂ ਤਾਂ ਉਹ ਮਾਰਨ ਤੱਕ ਜਾਂਦਾ ਹੈ। ਬਲਦੇਵ ਸਿੰਘ ਨੇ ਸਮਾਜ ਸੇਵੀ ਸੰਸਥਾ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਉਸ ਦੇ ਲੜਕਿਆਂ ਨੂੰ ਕਿਸੇ ਆਸ਼ਰਮ ਜਾ ਹੋਰ ਜਗਾ ‘ਤੇ ਰੱਖਣ ਦਾ ਪ੍ਰਬੰਧ ਕਰੇ।
ਇਹ ਵੀ ਪੜ੍ਹੋ:ਪੈਰਾਂ ਤੋਂ ਅਪਾਹਜ ਪਤੀ-ਪਤਨੀ, 2 ਵਕਤ ਦੀ ਰੋਟੀ ਲਈ ਵੀ ਤਰਸੇ...