ਗੁਰਦਾਸਪੁਰ: ਮੰਜ਼ਿਲ 'ਤੇ ਉਹੀ ਪਹੁੰਚਦੇ ਹਨ ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ, ਹੌਂਸਲਿਆਂ ਨਾਲ ਉੱਡਾਨ ਹੁੰਦੀ ਹੈ। ਅਜਿਹਾ ਹੀ ਕੁਝ ਭਾਰਤ-ਪਾਕਿ ਸਰਹੱਦ 'ਤੇ ਸਥਿਤ ਦੋਰਾਂਗਲਾ ਕਸਬੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਅਪਾਹਜ ਲੜਕੀ ਸਨੇਹਾ ਤੋਂ ਦੇਖਣ ਨੂੰ ਮਿਲਦਾ ਹੈ। ਜਿਸ ਨੂੰ ਪੜ੍ਹਾਈ ਦਾ ਇੰਨਾ ਜਨੂੰਨ ਹੈ ਕਿ ਅਪਾਹਜ ਹੋ ਕੇ ਵੀ ਉਹ ਆਪਣਾ ਹੌਂਸਲਾ ਨਹੀਂ ਹਾਰ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਂਗਲਾ ਦੀ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਸਨੇਹਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਸਰੀਰਕ ਤੌਰ ’ਤੇ ਅਪੰਗ ਹੈ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ, ਉਹ ਹਰ ਰੋਜ਼ ਪਿੰਡ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ 'ਤੇ ਵ੍ਹੀਲ ਚੇਅਰ 'ਤੇ ਬੈਠ ਕੇ ਸਕੂਲ ਪੜ੍ਹਨ ਜਾਂਦੀ ਹੈ।
ਪੜ੍ਹਾਈ ਲਈ ਜਨੂੰਨ: ਉਸ ਦੀ ਭੈਣ ਉਸਨੂੰ ਲੈ ਕੇ ਆਉਂਦੀ ਹੈ ਇਸ ਦੌਰਾਨ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰਦੀ। ਉਸ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਇੱਕ ਭਰਾ ਹੈ। ਉਸ ਦਾ ਪਿਤਾ ਦਿਹਾੜੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਮਾਤਾ-ਪਿਤਾ ਅਤੇ ਸਨੇਹਾ ਦੀ ਟੀਚਰ ਦਾ ਕਹਿਣਾ ਹੈ ਕਿ ਸਨੇਹਾ ਦਾ ਪੜਾਈ ਕਰਨ ਦਾ ਫੈਸਲਾ ਵੀ ਅਪਣਾ ਹੈ ਅਤੇ ਉਹ ਇਕ ਦਲੇਰ ਧੀ ਹੈ। ਇਸ ਲੜਕੀ ਦਾ ਸੁਪਨਾ ਪੜ੍ਹ-ਲਿਖ ਕੇ ਬੈਂਕ ਵਿੱਚ ਨੌਕਰੀ ਕਰਨਾ ਹੈ। ਉਸ ਨੂੰ ਸਕੂਲ ਵਾਲੇ ਪਾਸੇ ਤੋਂ ਵੀ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਕਲਾਸ ਦੇ ਇੰਚਾਰਜ ਨੇ ਦੱਸਿਆ ਕਿ ਸਨੇਹਾ ਅੰਦਰ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜਨੂੰਨ ਹੈ। ਜਦੋਂ ਉਹ ਘਰ-ਘਰ ਜਾ ਕੇ ਪ੍ਰਚਾਰ ਕਰਨ ਗਏ ਤਾਂ ਉਨ੍ਹਾਂ ਨੂੰ ਇਸ ਲੜਕੀ ਬਾਰੇ ਪਤਾ ਲੱਗਾ। ਪ੍ਰਮਾਤਮਾ ਭਾਵੇਂ ਉਸ ਨੂੰ ਸਰੀਰਕ ਤੌਰ 'ਤੇ ਕਮਜ਼ੋਰ ਰੱਖੇ, ਪਰ ਇਹ ਲੜਕੀ ਬਹੁਤ ਮਜ਼ਬੂਤ ਦਿਮਾਗ਼ ਦੀ ਮਾਲਕ ਹੈ ਅਤੇ ਪੜ੍ਹਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਹੁਣ ਵਿਦਿਆਰਥਣ ਸਨੇਹਾ ਦਸਵੀਂ ਜਮਾਤ ਦੀ ਪ੍ਰੀਖਿਆ ਦੇ ਰਹੀ ਹੈ। ਸਮਾਜ ਵੱਲੋਂ ਇਸ ਲੜਕੀ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਹੈ।
ਸਰਕਾਰ ਨੂੰ ਅਪੀਲ: ਸਨੇਹਾ ਦੇ ਮਾਤਾ-ਪਿਤਾ ਨੇ ਦੱਸਿਆ ਕਿ ਜਨਮ ਤੋਂ ਹੀ ਸਨੇਹਾ ਇਸ ਹਾਲਤ ਵਿੱਚ ਸੀ ਅਤੇ ਇਲਾਜ ਵੀ ਕਰਵਾਇਆ, ਪਰ ਇਸ ਦੇ ਬਾਵਜੂਦ ਉਸ ਦਾ ਪੈਰ ਕੱਟਣਾ ਪਿਆ ਅਤੇ ਹੁਣ ਜਦ ਉਹਨਾਂ ਦੀ ਧੀ ਨੇ ਪੜ੍ਹਾਈ ਦਾ ਫੈਸਲਾ ਲਿਆ ਤਾਂ ਭਾਵੇ ਘਰ ਦੇ ਹਾਲਾਤ ਮਾਲੀ ਤੌਰ ਉੱਤੇ ਬਹੁਤ ਕਮਜ਼ੋਰ ਹਨ ਪਰ ਉਹ ਆਪਣੇ ਬੱਚਿਆਂ ਦੀ ਪੜਾਈ ਲਈ ਸੰਜੀਦਾ ਹਨ। ਸਨੇਹਾ ਦੀ ਮਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਸਨੇਹਾ ਆਪਣਾ ਸੁਪਨਾ ਪੂਰਾ ਕਰੇ। ਉੱਧਰ ਇਸ ਦਲੇਰ ਲੜਕੀ ਨੇ ਦੱਸਿਆ ਕਿ ਔਕੜਾਂ ਤਾਂ ਬਹੁਤ ਹੈ ਪਰ ਉਹ ਹਿੰਮਤ ਨਹੀਂ ਹਾਰਦੀ ਅਤੇ ਹਰ ਮੁਸ਼ਕਿਲ ਦਾ ਸਾਮਣਾ ਕਰ ਰਹੀ ਹੈ। ਸਨੇਹਾ ਨੇ ਦੱਸਿਆ ਕਿ ਉਸ ਦੇ ਸੰਘਰਸ਼ ਵਿੱਚ ਪਰਿਵਾਰ ਅਤੇ ਸਕੂਲ ਵੀ ਉਸ ਦਾ ਪੂਰਾ ਸਾਥ ਹੈ। ਇਸ ਤੋਂ ਇਲਾਵਾ ਸਨੇਹਾ ਨੇ ਸਰਕਾਰ ਨੂੰ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਇੱਕ ਬੈਟਰੀ ਵਾਲੀ ਸਾਈਕਲ ਮੁਹੱਈਆ ਕਰਵਾਈ ਜਾਵੇ ਅਤੇ ਸਕੂਲ ਨੂੰ ਜਾਂਦੇ ਰਾਹ ਦੀ ਮੁਰੰਮਤ ਵੀ ਹੋਵੇ। ਉਸ ਨੂੰ ਇਹੀ ਚਾਹੀਦਾ ਹੈ ਬਾਕੀ ਉਹ ਆਪਣੇ ਹਿੰਮਤ ਅਤੇ ਜਜ਼ਬੇ ਨਾਲ ਅੱਗੇ ਵੱਧ ਰਹੀ ਹੈ।
ਇਹ ਵੀ ਪੜ੍ਹੋ: MLA ਦਫਤਰ 'ਚ ਕੰਮ ਕਰਦੀ ਔਰਤ ਸਮੇਤ ਸ਼ਖ਼ਸ ਗ੍ਰਿਫ਼ਤਾਰ, ਵਿਧਾਇਕਾ ਦੇ ਜਾਅਲੀ ਦਸਤਖ਼ਤ ਅਤੇ ਮੋਹਰ ਦੀ ਵਰਤੋਂ ਕਰਨ ਦੇ ਇਲਜ਼ਾਮ